ਚੰਡੀਗੜ੍ਹ: ਸਥਾਨ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਿਛਲੀ ਬਾਦਲ ਸਰਕਾਰ 'ਤੇ ਸਿਰਫ ਇੱਕ ਸਾਲ ਵਿੱਚ 1.50 ਅਰਬ (150 ਕਰੋੜ) ਰੁਪਏ ਇਸ਼ਤਿਹਾਰਬਾਜ਼ੀ 'ਤੇ ਉਡਾਉਣ ਦੇ ਇਲਜ਼ਾਮ ਲਾਏ ਹਨ। ਸਿੱਧੂ ਨੇ ਦਸਤਾਵੇਜ਼ ਪੇਸ਼ ਕਰਦਿਆਂ ਕਿਹਾ ਕਿ ਆਰਟੀਆਈ ਰਾਹੀਂ ਮੰਗੀ ਜਾਣਕਾਰੀ ਵਿੱਚ ਇਹ ਖੁਲਾਸਾ ਹੋਇਆ ਕਿ ਅਕਾਲੀ ਸਰਕਾਰ ਨੇ 2016-17 ਦੌਰਾਨ 1 ਅਰਬ 50 ਕਰੋੜ ਬਾਦਲਾਂ ਦੀ ਮਸ਼ਹੂਰੀ ਉੱਪਰ ਹੀ ਖਰਚ ਦਿੱਤੇ। ਇਹ 1.5 ਅਰਬ ਦੇ ਇਸ਼ਤਿਹਾਰ ਅਖਬਾਰਾਂ, ਟੀਵੀ ਚੈਨਲਾਂ, ਰੇਡੀਓ ਤੇ ਸਿਨੇਮਾ ਹਾਲਾਂ ਵਿੱਚ ਦਿੱਤੇ ਗਏ ਸੀ।


ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਚੋਣ ਵਰ੍ਹੇ ਦੌਰਾਨ ਦਿੱਤੇ ਇਸ਼ਤਿਹਾਰ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਸ਼ਰੇਆਮ ਉਲੰਘਣਾ ਸੀ। ਕੈਗ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਸਾਲ 2016-17 ਵਿੱਚ ਪੰਜਾਬ ਸਰਕਾਰ ਵੱਲੋਂ ਕੁੱਲ 27 ਵੀਡੀਓ ਇਸ਼ਤਿਹਾਰ ਜਾਰੀ ਕੀਤੇ ਗਏ ਸਨ। ਇਨ੍ਹਾਂ ਵਿੱਚ 20 ਵੀਡੀਓ ਕਲਿੱਪਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਸਿੱਧੇ ਇਸ਼ਤਿਹਾਰ ਸਨ।


ਸਿੱਧੂ ਨੇ ਕੈਗ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਇਹ ਵੀ ਖੁਲਾਸਾ ਕੀਤਾ ਕਿ ਅਕਾਲੀ ਸਰਕਾਰ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਵੀ ਇਸ਼ਤਿਹਾਰਾਂ ਵਿੱਚ ਮਸ਼ਹੂਰੀ ਕੀਤੀ ਗਈ ਭਾਵੇਂਕਿ ਉਹ ਸਰਕਾਰ ਦਾ ਹਿੱਸਾ ਵੀ ਨਹੀਂ ਸੀ। ਸਿੱਧੂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਲੋਕਾਂ ਦੇ ਪੈਸੇ ਨੂੰ ਆਪਣੀ ਪਾਰਟੀ ਲਈ ਖਰਚਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਰਵਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਵੀ ਲਿਖ ਦਿੱਤੀ ਹੈ।