ਹਾਈਕਮਾਨ ਦੇ ਸੱਦੇ 'ਤੇ ਖਹਿਰਾ ਨੇ ਵੀ ਕੀਤਾ ਦਿੱਲੀ ਵੱਲ ਕੂਚ
ਏਬੀਪੀ ਸਾਂਝਾ | 29 Jul 2018 05:29 PM (IST)
ਬਰਨਾਲਾ: ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਅੱਜ ਦਿੱਲੀ ਹਾਈਕਮਾਨ ਨਾਲ 'ਆਢਾ' ਲਾਉਣ ਲਈ ਦਿੱਲੀ ਜਾ ਰਹੀ ਹੈ। ਹਾਈਕਮਾਨ ਨੇ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਕੇਜਰੀਵਾਲ ਨਾਲ ਮੀਟਿੰਗ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਸੀ, ਜਿਸ ਤੋਂ ਬਾਅਦ ਇੱਕ-ਇੱਕ ਕਰਕੇ ਕਈ ਵਿਧਾਇਕ ਉੱਥੇ ਪਹੁੰਚ ਰਹੇ ਹਨ। ਇਨ੍ਹਾਂ ਵਿੱਚ ਸੁਖਪਾਲ ਖਹਿਰਾ ਵੀ ਸ਼ਾਮਲ ਹਨ। ਹਾਲਾਂਕਿ, ਸੁਖਪਾਲ ਖਹਿਰਾ ਨੇ ਅੱਜ ਬਰਨਾਲਾ ਵਿੱਚ ਵਰਕਰਾਂ ਨਾਲ ਮੀਟਿੰਗ ਦੌਰਾਨ ਕਿਹਾ ਸੀ ਕਿ ਉਨ੍ਹਾਂ ਦਾ ਦਿੱਲੀ ਜਾਣਾ ਤੈਅ ਨਹੀਂ। ਅੱਜ ਉਨ੍ਹਾਂ ਦਾ ਬਰਨਾਲਾ ਤੋਂ ਬਾਅਦ ਹੁਸ਼ਿਆਰਪੁਰ ਜਾਣ ਦਾ ਪ੍ਰੋਗਰਾਮ ਸੀ, ਜੋ ਦਿੱਲੀ ਜਾਣ ਕਰਕੇ ਰੱਦ ਕਰ ਦਿੱਤਾ ਗਿਆ। ਖਹਿਰਾ ਨੇ ਬਰਨਾਲਾ ਵਿੱਚ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਦਿੱਲੀ ਹਾਈਕਮਾਨ ਦੀ ਗ਼ੁਲਾਮੀ ਨਹੀਂ ਕਰਨਗੇ। ਖਹਿਰਾ ਨੇ ਕਿਹਾ ਕਿ ਉਹ ਬਟਨ ਕਲਚਰ ਦੇ ਖਿਲਾਫ ਹਨ ਤੇ ਇਸੇ ਦਾ ਵਿਰੋਧ ਕਰ ਰਹੇ ਹਨ ਨਾ ਕਿ ਪਾਰਟੀ ਵਿੱਚ ਕੋਈ ਬਗ਼ਾਵਤ ਕਰ ਰਹੇ ਹਨ। ਸਾਬਕਾ ਵਿਰੋਧੀ ਧਿਰ ਦੇ ਲੀਡਰ ਨੇ ਇੱਥੇ ਹਾਈਕਮਾਨ ਨੂੰ ਖਰੀਆਂ-ਖਰੀਆਂ ਸੁਣਾਈਆਂ। ਖਹਿਰਾ ਨੇ ਕਿਹਾ ਕਿ ਆਉਣ ਵਾਲੀ ਦੋ ਅਗਸਤ ਨੂੰ ਬਠਿੰਡਾ ਵਿੱਚ ਜਮਹੂਰੀ ਕਨਵੈਨਸ਼ਨ ਕਰਨਗੇ। ਪਰ ਹੁਣ ਖਹਿਰਾ ਦੀ ਦਿੱਲੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਬਾਰੇ ਸਾਫ਼ ਹੋਵੇਗਾ।