ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਐਤਵਾਰ ਸ਼ਾਮ ਮੀਟਿੰਗ ਲਈ ਸੱਦਿਆ ਹੈ। ਮੀਟਿੰਗ ਰੱਖਣ ਦਾ ਮੁੱਖ ਮੁੱਦਾ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾਏ ਜਾਣ ਤੋਂ ਬਾਅਦ ਸੂਬੇ ਵਿੱਚ ਪਾਰਟੀ ਦੇ ਦੋਫਾੜ ਹੋਣ ਦੇ ਖ਼ਦਸ਼ੇ ਬਾਰੇ ਵਿਚਾਰ ਕਰਨਾ ਹੈ।
ਖਹਿਰਾ ਦਾ ਸਮਰਥਨ ਕਰਨ ਵਾਲੇ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀ ਵਿਧਾਇਕ ਪਾਰਟੀ ਦੀ ਮੀਟਿੰਗ ਵਿੱਚ ਅੱਜ ਸ਼ਾਮ ਛੇ ਵਜੇ ਤਕ ਪਹੁੰਚ ਰਹੇ ਹਨ। ਆਮ ਆਦਮੀ ਪਾਰਟੀ ਵਿਚਕਾਰ ਫੁੱਟ ਉਦੋਂ ਜੱਗ ਜ਼ਾਹਰ ਹੋ ਗਈ ਸੀ ਜਦੋਂ 26 ਜੁਲਾਈ ਨੂੰ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹਟਾ ਕੇ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਚੀਮਾ ਨੂੰ ਲਾ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਖਹਿਰਾ ਨੇ 'ਆਪ' ਦੇ ਪੰਜਾਬ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਉੱਪਰ ਕਈ ਇਲਜ਼ਾਮ ਲਾਏ ਸਨ। ਬਾਅਦ ਵਿੱਚ ਡਾ. ਬਲਬੀਰ ਨੇ ਸਾਬਕਾ ਭਾਈਵਾਲ ਬੈਂਸ ਭਰਾਵਾਂ ਉੱਪਰ ਉਨ੍ਹਾਂ ਦੀ ਪਾਰਟੀ ਨੂੰ ਤੋੜਨ ਦੇ ਇਲਜ਼ਾਮ ਲਾਏ ਸਨ।