ਅੰਮ੍ਰਿਤਸਰ: ਇੱਥੋਂ ਦੇ ਪ੍ਰਾਈਵੇਟ ਹਸਪਤਾਲ ਵਿੱਚ ਹਾਲੈਂਡ ਦੀ 20 ਸਾਲਾ ਮੁਟਿਆਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਬਿਆਨ ਰਿਕਾਰਡ ਕੀਤੇ ਜਾ ਰਹੇ ਹਨ।

 

ਹਾਸਲ ਜਾਣਕਾਰੀ ਮੁਤਾਬਕ ਨੀਦਰਲੈਂਡ ਦਾ ਪਰਿਵਾਰ ਅੰਮ੍ਰਿਤਸਰ ਘੁੰਮਣ ਲਈ ਆਇਆ ਸੀ। ਅਚਾਨਕ ਵੀਹ ਸਾਲਾ ਲੜਕੀ ਦੀ ਤਬੀਅਤ ਖ਼ਰਾਬ ਹੋਣ ਕਰਕੇ ਉਹ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਦਵਾਈ ਲੈਣ ਚਲੇ ਗਏ। ਉੱਥੇ ਸਟਾਫ ਵਿੱਚ ਕੰਮ ਕਰਦੇ ਨੌਜਵਾਨ ਨੇ ਲੜਕੀ ਨਾਲ ਕਥਿਤ ਤੌਰ ਛੇੜਛਾੜ ਦੀ ਕੋਸ਼ਿਸ਼ ਕੀਤੀ। ਲੜਕੀ ਦੇ ਬਿਆਨਾਂ ਮੁਤਾਬਕ ਉਸ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ। ਲੜਕੀ ਦੇ ਰੌਲਾ ਪਾਉਣ 'ਤੇ ਹਸਪਤਾਲ ਦੇ ਬਾਕੀ ਸਟਾਫ ਮੈਂਬਰ ਉੱਥੇ ਆ ਗਏ ਜਿਸ ਕਾਰਨ ਲੜਕੀ ਬਚ ਗਈ।

ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਸਟਾਫ ਮੈਂਬਰ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਮਾਮਲਾ ਹਾਲੈਂਡ ਦੀ ਅੰਬੈਸੀ ਨਵੀਂ ਦਿੱਲੀ ਤੱਕ ਵੀ ਪੁੱਜ ਗਿਆ ਹੈ। ਅੰਮ੍ਰਿਤਸਰ ਦੇ ਏਡੀਸੀਪੀ 2 ਲਖਬੀਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਪੁੱਜ ਚੁੱਕੀ ਹੈ ਕਿ ਪ੍ਰਾਈਵੇਟ ਹਸਪਤਾਲ ਵਿੱਚ ਲੜਕੀ ਨਾਲ ਜਿਸਮਾਨੀ ਛੇੜਛਾੜ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਮੁਕੰਮਲ ਹੋਣ ਤੋਂ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਲੋੜ ਪੈਣ 'ਤੇ ਮੁਕੱਦਮਾ ਦਰਜ ਕੀਤਾ ਜਾਵੇਗਾ।