ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1 ਅਕਤੂਬਰ ਤੱਕ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਮੰਗਲਵਾਰ ਨੂੰ ਉਹ ਬਿਮਾਰ ਹੋ ਗਏ ਸਨ। ਪਹਿਲਾਂ ਉਨ੍ਹਾਂ ਨੇ ਸਿਹਤ ਠੀਕ ਨਾ ਹੋਣ ਕਰਕੇ ਬੁੱਧਵਾਰ ਦੇ ਸਾਰੇ ਰੁਝੇਵੇਂ ਤੇ ਮੀਟਿੰਗਾਂ ਰੱਦ ਕਰ ਦਿੱਤੀਆਂ ਸੀ। ਉਨ੍ਹਾਂ ਦੀ ਹਾਲਤ ਨੂੰ ਵੇਖਦਿਆਂ 1 ਅਕਤੂਬਰ ਤੱਕ ਉਹ ਆਰਾਮ ਕਰਨਗੇ। ਕਾਬਲੇਗੌਰ ਹੈ ਕਿ ਸਾਲ ਦੇ ਅੰਦਰ-ਅੰਦਰ ਬਾਦਲ ਤੀਜੀ ਵਾਰ ਬਿਮਾਰ ਪਏ ਹਨ। ਬੁਢਾਪੇ ਕਾਰਨ ਉਨ੍ਹਾਂ ਹੀ ਸਿਹਤ ਅਕਸਰ ਠੀਕ ਨਹੀਂ ਰਹਿੰਦੀ। ਅਗਲੇ ਸਾਲ ਚੋਣਾਂ ਹੋਣ ਕਾਰਨ ਉਨ੍ਹਾਂ ਦਾ ਕੰਮ ਵਧ ਗਿਆ ਹੈ। ਇਸ ਕਰਕੇ ਉਹ ਥਕਾਵਟ ਮਹਿਸੂਸ ਕਰਦੇ ਹਨ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਬਾਦਲ ਦਾ ਮੁਆਇਨਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਰਾਮ ਕਰਨ ਤੇ ਸਫਰ ਨਾ ਕਰਨ ਦੀ ਸਲਾਹ ਦਿੱਤੀ ਹੈ। ਉਹ 1 ਅਕਤੂਬਰ ਤੱਕ ਆਰਾਮ ਕਰਨਗੇ। ਇਸ ਲਈ ਉਨ੍ਹਾਂ ਦੇ ਤੈਅ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਗੌਰਤਲਬ ਹੈ ਕਿ ਬਾਦਲ ਨੇ ਮੰਗਲਵਾਰ ਨੂੰ ਆਰ.ਐਸ.ਐਸ ਦੇ ਆਗੂ ਬ੍ਰਿਗੇਡੀਅਰ (ਸੇਵਾ ਮੁਕਤ) ਜਗਦੀਸ਼ ਗਗਨੇਜਾ ਦੀ ‘ਰਸਮ ਪਗੜੀ’ ਵਿੱਚ ਸ਼ਾਮਲ ਹੋਣ ਲਈ ਜਲੰਧਰ ਜਾਣਾ ਸੀ ਪਰ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਉਨ੍ਹਾਂ ਨੇ ਆਖਰੀ ਮੌਕੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ। ਇੱਥੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਪਹੁੰਚੇ ਹੋਏ ਸਨ।