'ਆਪ' ਦਾ ਝਾੜੂ ਫੜੇਗੀ ਸਿੱਧੂ-ਪਰਗਟ-ਬੈਂਸ ਤਿੱਕੜੀ!
ਏਬੀਪੀ ਸਾਂਝਾ | 28 Sep 2016 12:01 PM (IST)
ਨਵੀਂ ਦਿੱਲੀ: ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ, ਵਿਧਾਇਕ ਪਰਗਟ ਸਿੰਘ ਤੇ ਬੈਂਸ ਭਰਾਵਾਂ ਦਾ 'ਆਵਾਜ਼-ਏ-ਪੰਜਾਬ' ਫਰੰਟ ਆਮ ਆਦਮੀ ਪਾਰਟੀ ਦਾ ਝਾੜੂ ਫੜ ਸਕਦਾ ਹੈ। ਸੋਮਵਾਰ ਨੂੰ ਦਿੱਲੀ ਵਿੱਚ ਹੋਈ ਮੀਟਿੰਗ ਮਗਰੋਂ ਫਰੰਟ ਵਿੱਚ ਸ਼ਾਮਲ ਸਿਮਰਜੀਤ ਸਿੰਘ ਬੈਂਸ ਨੇ ਇਸ ਦੇ ਸੰਕੇਤ ਦਿੱਤੇ ਹਨ। ਉਂਝ, ਕਾਂਗਰਸ ਵੀ 'ਆਵਾਜ਼-ਏ-ਪੰਜਾਬ' ਨੂੰ ਆਵਾਜ਼ਾਂ ਮਾਰ ਰਹੀ ਹੈ। ਇਸ ਲਈ ਅਜੇ ਭੇਤ ਬਰਕਰਾਰ ਹੈ ਕਿ ਚੌਥਾ ਫਰੰਟ ਕਿਸ ਨਾਲ ਹੱਥ ਮਿਲਉਂਦਾ ਹੈ। ਕਾਬਲੇਗੌਰ ਹੈ ਕਿ ਸਿੱਧੂ ਨੇ ਅਜੇ ਤੱਕ ਆਪਣੀ ਅਗਲੀ ਰਣਨੀਤੀ ਸਪਸ਼ਟ ਨਹੀਂ ਕੀਤੀ। ਬੀਜੇਪੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਿੱਧੂ ਬੁਝਾਰਤ ਹੀ ਬਣੇ ਹੋਏ ਹੈ। ਉਹ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਫਰੰਟ ਪਾਰਟੀ ਬਣਾ ਕੇ ਚੋਣ ਨਹੀਂ ਲੜੇਗਾ। ਇਸ ਲਈ ਚਰਚਾ ਹੈ ਕਿ ਸਿੱਧੂ ਆਮ ਆਦਮੀ ਪਾਰਟੀ ਦਾ ਝਾੜੂ ਫੜੇਗਾ ਜਾਂ ਫਿਰ ਕਾਂਗਰਸ ਨਾਲ ਹੱਥ ਮਿਲਾਏਗਾ। 'ਆਵਾਜ਼-ਏ-ਪੰਜਾਬ' ਜੇਕਰ ਝਾੜੂ ਫੜਦਾ ਹੈ ਤਾਂ ਉਸ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨਾ ਪਵੇਗਾ ਕਿਉਂਕਿ 'ਆਪ' ਦੇ ਸਿਧਾਤਾਂ ਮੁਤਾਬਕ ਗੱਠਜੋੜ ਨਹੀਂ ਕੀਤਾ ਜਾ ਸਕਦਾ। ਇਸ ਲਈ ਜੇਕਰ ਸਿੱਧੂ-ਪਰਗਟ-ਬੈਂਸ ਗੁੱਟ 'ਆਵਾਜ਼-ਏ-ਪੰਜਾਬ' ਨੂੰ ਕਾਇਮ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਾਂਗਰਸ ਦਾ ਹੱਥ ਫੜਨਾ ਪਏਗਾ। ਉਂਜ, ਇੱਕ ਗੱਲ ਤੈਅ ਹੈ ਕਿ 'ਆਵਾਜ਼-ਏ-ਪੰਜਾਬ' ਇਕੱਲੇ ਚੋਣ ਨਹੀਂ ਲੜੇਗਾ ਕਿਉਂਕਿ ਇਸ ਸਿੱਧੂ-ਪਰਗਟ-ਬੈਂਸ ਗੁੱਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਵੋਟ ਵੰਡ ਕੇ ਬਾਦਲਾਂ ਨੂੰ ਲਾਹਾ ਕਿਸੇ ਵੀ ਕੀਮਤ 'ਤੇ ਨਹੀਂ ਪਹੁੰਚਾਉਣਗੇ।