ਚੰਡੀਗੜ੍ਹ: ਅਕਾਲੀ ਦਲ-ਬੀਜੇਪੀ ਸਰਕਾਰ ਵੇਲੇ ਦਰਜ ਕੀਤੇ ਨਾਜਾਇਜ਼ ਮੁਕੱਦਮਿਆਂ ਦੀ ਜਾਂਚ ਕਰ ਰਹੇ ਜਸਟਿਸ ਮਹਿਤਾਬ ਸਿੰਘ ਗਿੱਲ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, "ਅਕਾਲੀ ਹੁਣ ਜੋ ਮਰਜ਼ੀ ਕਹਿਣ, ਮੈਨੂੰ ਜੱਜ ਬਣਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਹਨ। ਉਨ੍ਹਾਂ ਮੇਰੇ ਲਈ ਹਾਈਕੋਰਟ ਦੇ ਮੁੱਖ ਜੱਜ ਨੂੰ ਲੈਟਰ ਲਿਖਿਆ ਸੀ। ਮੈਂ ਮੋਗੇ ਪ੍ਰੈਕਟਿਸ ਕਰਨ ਵੇਲੇ ਬਾਦਲ ਗਰੁੱਪ ਦਾ ਸੀ।"

ਉਨ੍ਹਾਂ ਕਿਹਾ, "ਬਾਦਲ ਮੇਰੇ ਪਿਤਾ ਦੇ ਦੋਸਤ ਸਨ। ਮੇਰੇ ਪੁੱਤ ਅਕਾਲੀ ਦਲ ਦੇ ਦੋ ਵਾਰ ਵਿਧਾਇਕ ਰਹੇ ਹਨ। ਸੁਖਬੀਰ ਬਾਦਲ ਮੇਰੇ ਚੰਗੇ ਦੋਸਤ ਹਨ ਪਰ ਪਤਾ ਨਹੀਂ ਕਿਉਂ ਉਲਟ ਬੋਲਦੇ ਹਨ।" ਜਸਟਿਸ ਗਿੱਲ਼ ਨੇ ਕਿਹਾ, "ਅਕਾਲੀ ਦੱਸਣ ਕਿ ਮੇਰੇ ਕੋਲ ਅਮਰਪਾਲ ਬੋਨੀ ਇਨਸਾਫ ਲੈਣ ਕਿਉਂ ਆਇਆ? ਹੋਰ ਅਕਾਲੀਆਂ ਨੂੰ ਮੈਂ ਵੀ ਸੁਣਿਆ ਹੈ।" ਜਸਟਿਸ ਗਿੱਲ ਦੇ ਇਸ ਬਿਆਨ ਨੇ ਅਕਾਲੀ ਦਲ ਦੇ ਉਨ੍ਹਾਂ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ ਜਿਨ੍ਹਾਂ ਵਿੱਚ ਉਨ੍ਹਾਂ ਨੇ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਨੂੰ ਕਾਂਗਰਸ ਦਾ ਕਮਿਸ਼ਨ ਕਿਹਾ ਸੀ।

ਉਨ੍ਹਾਂ ਕਿਹਾ ਕਿ ਮਾਲਵੇ ਵਿੱਚ ਕਾਂਗਰਸੀਆਂ ਨਾਲੋਂ ਜ਼ਿਆਦਾ ਆਮ ਆਦਮੀ ਪਾਰਟੀ ਵਾਲਿਆਂ ਨਾਲ ਧੱਕਾ ਹੋਇਆ ਤੇ ਉਨ੍ਹਾਂ ਦੇ ਕੇਸ ਜ਼ਿਆਦਾ ਆਏ ਹਨ। ਜਸਟਿਸ ਗਿੱਲ ਨੇ ਕੈਪਟਨ ਦੀ ਕੀਤੀ ਸਿਫ਼ਤ। ਉਨ੍ਹਾਂ ਕਿਹਾ ਕਿ ਕੈਪਟਨ ਬਦਲਾਖੋਰੀ ਦੀ ਰਾਜਨੀਤੀ ਨਹੀਂ ਚਹੁੰਦੇ। ਉਹ ਪੰਜਾਬ ਦਾ ਵਿਕਾਸ ਚਹੁੰਦੇ ਹਨ। ਜਸਟਿਸ ਗਿੱਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਦੋਸਤ ਨਹੀਂ ਸਗੋਂ ਉਨ੍ਹਾਂ ਦੀ ਤਾਂ ਸੁਖਬੀਰ ਬਾਦਲ ਨਾਲ ਨੇੜਤਾ ਹੈ। ਉਨ੍ਹਾਂ ਕਿਹਾ ਕਿ ਇਹ ਕੈਪਟਨ ਨੂੰ ਪੁੱਛੋ ਕਿ ਉਨ੍ਹਾਂ ਨੂੰ ਕਮਿਸ਼ਨ ਦਾ ਮੁਖੀ ਕਿਉਂ ਬਣਾਇਆ। ਅਕਾਲੀ ਦਲ ਵਾਲੇ ਵੀ ਸ਼ਿਕਾਇਤਾਂ ਦਿੰਦੇ ਹਨ ਤੇ ਕੋਈ ਦੱਸੇ ਕਿ ਮੈਂ ਕਿਸੇ ਨੂੰ ਇਨਸਾਫ ਨਾ ਦਿੱਤਾ ਹੋਵੇ।