ਚੰਡੀਗੜ੍ਹ: ਪੰਜਾਬ ਵਿੱਚ 71 ਲੜਕੀਆਂ ਨਾਲ ਉਨ੍ਹਾਂ ਸਕੇ ਸਬੰਧੀਆਂ ਨੇ ਹੀ ਜਬਰ ਜਨਾਹ ਕੀਤਾ ਹੈ। ਇਹ ਖੁਲਾਸਾ ਕੌਮੀ ਅਪਰਾਧ ਰਿਕਾਰਡ ਬਿਊਰੋ ਕੀਤਾ ਗਿਆ ਹੈ। ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ 'ਚ ਇਕ ਸਾਲ ਵਿਚ ਹੀ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ ਜਨਾਹ ਦੇ 63 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇਕ ਸਾਲ ਦੇ ਸਮੇਂ 'ਚ ਹੀ ਲੜਕੀਆਂ ਨਾਲ ਉਨ੍ਹਾਂ ਦੇ ਸਕੇ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਰਿਸ਼ਤੇਦਾਰਾਂ ਵਲੋਂ ਜਬਰ ਜਨਾਹ ਕਰਨ ਦੇ 71 ਮਾਮਲਿਆਂ ਦਾ ਖ਼ੁਲਾਸਾ ਹੋਇਆ ਹੈ।

ਬਿਊਰੋ ਵਲੋਂ ਜਾਰੀ ਸਾਲ 2016 ਦੇ ਇਨ੍ਹਾਂ ਅੰਕੜਿਆਂ ਅਨੁਸਾਰ ਪੰਜਾਬ 'ਚ 6 ਸਾਲ ਤੋਂ ਘੱਟ ਉਮਰ ਦੀਆਂ ਬਾਲੜੀਆਂ ਨਾਲ ਜਬਰ ਜਨਾਹ ਦੇ 15 ਮਾਮਲੇ ਦਰਜ ਹੋਏ। ਇਸ ਤੋਂ ਇਲਾਵਾ 6 ਤੋਂ 12 ਸਾਲ ਉਮਰ ਦੀਆਂ ਬੱਚੀਆਂ ਨਾਲ ਜਬਰ ਜਨਾਹ ਦੇ 33 ਮਾਮਲੇ ਸਾਹਮਣੇ ਆਏ।
ਇਨ੍ਹਾਂ ਹੀ ਨਹੀਂ ਇਸ ਇਕ ਸਾਲ ਦੌਰਾਨ 12 ਤੋਂ 16 ਸਾਲ ਉਮਰ ਦੀਆਂ ਲੜਕੀਆਂ ਨਾਲ ਜਬਰ ਜਨਾਹ ਦੇ 175 ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਪੰਜਾਬ 'ਚੋਂ 39 ਮਾਮਲੇ ਅਜਿਹੇ ਦੱਸੇ ਗਏ ਹਨ, ਜਿਨ੍ਹਾਂ 'ਚ ਲੜਕੀਆਂ ਨਾਲ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਹੀ ਜਬਰ ਜਨਾਹ ਨੂੰ ਅੰਜ਼ਾਮ ਦਿੱਤਾ ਗਿਆ। 16 ਮਾਮਲੇ ਅਜਿਹੇ ਦੱਸੇ ਗਏ ਹਨ, ਜਿਨ੍ਹਾਂ ਵਿਚ ਦਾਦਾ, ਪਿਤਾ, ਭਰਾ ਜਾਂ ਪੁੱਤਰ ਵਲੋਂ ਹੀ ਲੜਕੀ ਜਾਂ ਔਰਤ ਨਾਲ ਇਹ ਕੁਕਰਮ ਕੀਤਾ ਗਿਆ, ਜਦੋਂ ਕਿ 26 ਮਾਮਲੇ ਅਜਿਹੇ ਦਰਸਾਏ ਗਏ ਹਨ, ਜਿਨ੍ਹਾਂ 'ਚ ਜਬਰ ਜਨਾਹ ਕਰਨ ਵਾਲੇ, ਲੜਕੀ ਦੇ ਕਰੀਬੀ ਪਰਿਵਾਰਕ ਮੈਂਬਰ ਸਨ।

ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਪੰਜਾਬ ਬੌਧਿਕ ਪੱਖੋਂ ਅਤੇ ਸਮਾਜਿਕ ਕਦਰਾਂ-ਕੀਮਤਾਂ ਤੋਂ ਹੀਣੇ ਹੁੰਦਾ ਜਾ ਰਿਹਾ ਹੈ। ਬਦਲਦੇ ਸੱਭਿਆਚਾਰ ਨੇ ਜਗੀਰੂ ਧੌਂਸ, ਫੂਕਾ ਫੂਕਰਪਣ, ਨਸ਼ਿਆ ਤੇ ਹਥਿਆਰਾਂ ਤੇ ਲੱਚਰਤਾ ਦਾ ਸਰੇਆਮ ਪਰੋਸਿਆ ਹੈ। ਇਸ ਵਿੱਚ ਕੁਝ ਪੰਜਾਬੀ ਗਾਇਕਾਂ ਤੇ ਕੁਝ ਗੀਤਕਾਰਾਂ ਦਾ ਵੱਡਾ ਯੋਗਦਾਨ ਹੈ। ਜਿਸ ਨਾਲ ਸਮਾਜਕਿ ਗਿਰਾਵਟ ਆ ਰਹੀ ਹੈ।