ਚੰਡੀਗੜ੍ਹ: ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮਨਾਉਣ 'ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸੱਤਾਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ ਹੈ। ਦੋਵਾਂ ਧਿਰਾਂ ਨੇ ਕਿਹਾ ਹੈ ਕਿ ਬਾਦਲ ਸਰਕਾਰ ਨੂੰ ਪੰਜਾਬੀ ਸੂਬੇ ਦੀ ਵਰ੍ਹੇਗੰਢ ਮਨਾਉਣ ਦਾ ਕੋਈ ਹੱਕ ਨਹੀਂ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਦਿਨ ਨੂੰ ਪਛਤਾਵਾ ਦਿਵਜ ਵਜੋਂ ਮਨਾਇਆ ਜਾਣਾ ਚਾਹੀਦਾ ਹੈ।
ਕੈਪਟਨ ਨੇ ਪੰਜਾਬੀ ਸੂਬੇ ਦੇ ਨਿਰਮਾਣ ਨੂੰ 1947 ਤੋਂ ਬਾਅਦ ਪੰਜਾਬੀਆਂ ਦੀ ਦੂਜੀ ਵੰਡ ਕਰਾਰ ਦਿੰਦਿਆਂ ਅਕਾਲੀਆਂ ’ਤੇ ਸੰਪਰਦਾਇਕ ਏਜੰਡੇ ਨੂੰ ਪੂਰਾ ਕਰਨ ਖ਼ਾਤਰ ਸੂਬੇ ਨੂੰ ਤੋੜਨ ਦਾ ਦੋਸ਼ ਲਾਇਆ। ਉਨ੍ਹਾਂ ਸਵਾਲ ਕੀਤਾ ਹੈ ਕਿ ਇਸ ਮੌਕੇ ਨੂੰ ਮਨਾਉਣ ਲਾਇਕ ਕੀ ਹੈ, ਜਿਸ ਨੇ ਸੂਬੇ ਦੀ ਲਗਾਤਾਰ ਗਿਰਾਵਟ ਦੀ ਸ਼ੁਰੂਆਤ ਕੀਤੀ। ਇਹ ਮੌਕਾ ਅਕਾਲੀਆਂ ਵਾਸਤੇ ਮਨਾਉਣ ਦੀ ਬਜਾਏ ਪਛਤਾਵਾ ਕਰਨ ਵਾਲਾ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੇ ਨਾ ਸਿਰਫ ਵੱਡਾ 80 ਲੱਖ ਏਕੜ ’ਚ ਫੈਲਿਆ ਇਲਾਕਾ ਗੁਆ ਦਿੱਤਾ ਬਲਕਿ ਆਪਣੇ ਕੀਮਤੀ ਸਾਧਨ ਜਿਵੇਂ ਪਾਣੀ, ਪਣ ਬਿਜਲੀ, ਜੰਗਲ ਤੇ ਸੈਰ ਸਪਾਟਾ ਹਿਮਾਚਲ ਪ੍ਰਦੇਸ਼ ਕੋਲ ਚਲੇ ਗਏ ਤੇ ਵੱਡੀ ਮਾਤਰਾ ’ਚ ਸੰਗਠਿਤ ਉਦਯੋਗਿਕ ਖੇਤਰ ਹਰਿਆਣਾ ਹਿੱਸੇ ਚਲੇ ਗਏ। ਉਨ੍ਹਾਂ ਕਿਹਾ ਕਿ ਇਤਿਹਾਸ ’ਚ ਕਦੇ ਵੀ ਅਜਿਹਾ ਨਹੀਂ ਹੋਇਆ ਹੋਣਾ ਜਦੋਂ ਸੂਬੇ ਦੇ ਲੋਕ ਖੁਦ ਨੂੰ ਵਧਾਉਣ ਦੀ ਬਜਾਏ ਆਪਣੀ ਜ਼ਮੀਨ ਘੱਟ ਕਰਨ ਦੇ ਜ਼ਿਆਦਾ ਇੱਛੁਕ ਸਨ। ਇਸ ਸ਼ਰਮਨਾਕ ਕਾਰੇ ਲਈ ਅਕਾਲੀ ਜ਼ਿੰਮੇਵਾਰ ਹਨ, ਜਿਹੜੇ ਹੁਣ ਠਾਠਾਂ ਮਾਰ ਕੇ ਇਸ ਨੂੰ ਮਨਾ ਰਹੇ ਹਨ।
ਕੇਜਰੀਵਾਲ ਨੇ ਅਕਾਲੀ ਸਰਕਾਰ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਪਹਿਲੀ ਨਵੰਬਰ ਨੂੰ ਦਿੱਲੀ ਸਮੇਤ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਪਰ ਅਕਾਲੀਆਂ ਵੱਲੋਂ ਪੰਜਾਬੀ ਸੂਬੇ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਾਂਗਰਸ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਦੀਆਂ ਸਰਕਾਰਾਂ ਨੇ ਸਿੱਖ ਵਿਰੋਧੀ ਦੰਗਿਆਂ ਲਈ ਜ਼ਿੰਮੇਵਾਰ ਕਾਂਗਰਸੀ ਆਗੂਆਂ ਨੂੰ ਬਚਾਉਣ ਦਾ ਯਤਨ ਕੀਤਾ ਹੈ, ਜਿਸ ਕਾਰਨ ਹਾਲੇ ਤੱਕ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ।