ਚੰਡੀਗੜ੍ਹ/ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇੱਕ-ਦੂਜੇ ਨੂੰ ਲਲਕਾਰਿਆ ਹੈ। ਕੇਜਰੀਵਾਲ ਨੇ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਵੇ ਨਹੀਂ ਤਾਂ ਤਿੰਨ ਮਹੀਨੇ ਬਾਅਦ ਮਜੀਠੀਆ ਜੇਲ੍ਹ ਵਿੱਚ ਹੋਏਗਾ। ਕੇਜਰੀਵਾਲ ਨੇ ਇਹ ਬੜ੍ਹਕ ਮੰਗਲਵਾਰ ਨੂੰ ਅੰਮ੍ਰਿਤਸਰ ਵਿੱਚ ਮਜੀਠੀਆ ਵੱਲੋਂ ਕੀਤੇ ਮਾਣਹਾਨੀ ਦੇ ਕੇਸ ਵਿੱਚ ਪੇਸ਼ੀ ਭੁਗਤਣ ਮਗਰੋਂ ਮਾਰੀ।
ਦੂਜੇ ਪਾਸੇ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਇਸ ਕੇਸ ਦੀ ਸੁਣਵਾਈ ਨਿੱਤ ਕਰਾਉਣ ਲਈ ਅੱਗੇ ਆਉਣ ਤਾਂ ਜੋ ਇਹ ਕੇਸ ਕੁਝ ਦਿਨਾਂ ਵਿੱਚ ਹੀ ਨਿੱਬੜ ਜਾਵੇ ਤੇ ਸੱਚਾਈ ਲੋਕਾਂ ਸਾਹਮਣੇ ਆ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ‘ਆਪ’ ਆਗੂ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ।
ਕੇਜਰੀਵਾਲ ਨੇ ਮਜੀਠੀਆ 'ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੇ ਹਰੇਕ ਵਿਅਕਤੀ ਇੱਥੋਂ ਤੱਕ ਕਿ ਜੁਆਕ ਵੀ ਜਾਣਦੇ ਹਨ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਕੌਣ ਕਰ ਰਿਹਾ ਹੈ। ਇਸ ਲਈ ਜੋ ਹਰੇਕ ਵਿਅਕਤੀ ਕਹਿ ਰਿਹਾ ਹੈ, ਉਹੀ ਗੱਲ ਉਹ ਵੀ ਕਹਿ ਰਹੇ ਹਨ ਤੇ ਹਾਕਮ ਧਿਰ ਅਦਾਲਤ ਦਾ ਡਰਾਵਾ ਦੇ ਕੇ ਉਨ੍ਹਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਇਹ ਆਵਾਜ਼ ਉਦੋਂ ਤੱਕ ਬੁਲੰਦ ਰਹੇਗੀ ਜਦੋਂ ਤੱਕ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸਲਾਖਾਂ ਪਿੱਛੇ ਨਹੀਂ ਜਾਂਦੇ। ਉਨ੍ਹਾਂ ਮਜੀਠੀਆ ਨੂੰ ਮੁੜ ਚਿਤਾਵਨੀ ਦਿੱਤੀ ਕਿ ਉਨ੍ਹਾਂ ਕੋਲ ਸਿਰਫ਼ 3 ਮਹੀਨੇ ਹਨ ਜੇਕਰ ਉਸ ਨੂੰ ਜੇਲ੍ਹ ਭੇਜ ਸਕਦੇ ਹਨ ਤਾਂ ਭੇਜ ਦੇਣ, ਨਹੀਂ ਤਾਂ ਤਿੰਨ ਮਹੀਨੇ ਮਗਰੋਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਇਨ੍ਹਾਂ ਸਾਰਿਆਂ ਨੂੰ ਜੇਲ੍ਹ ਭੇਜੇਗੀ।