ਬਾਦਲਾਂ ਨੂੰ ਨਹੀਂ ਕੋਈ ਦੁਆਨੀ ਦੇਣ ਲਈ ਤਿਆਰ!
ਏਬੀਪੀ ਸਾਂਝਾ | 01 Dec 2016 05:35 PM (IST)
ਅੰਮ੍ਰਿਤਸਰ: ਕੇਜਰੀਵਾਲ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਵਿਦੇਸ਼ਾਂ ਵਿੱਚੋਂ ਕਿੰਨੇ ਪੈਸੇ ਆਉਂਦੇ ਹਨ, ਸਾਨੂੰ ਤਾਂ ਕੋਈ ਦਵਾਨੀ ਨਹੀਂ ਦਿੰਦਾ। ਇਹ ਦਾਅਵਾ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕੀਤਾ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਬਾਦਲਾਂ ਕੋਲ ਸਭ ਤੋਂ ਵੱਧ ਕਲਾ ਧਨ ਹੋਣ ਦੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਲੈਣਾ ਚਾਹੀਦਾ ਹੈ। ਬਾਦਲ ਨੇ ਅੱਜ ਰਾਮ ਤੀਰਥ ਵਿੱਚ ਭਗਵਾਨ ਵਾਲਮੀਕ ਦੀ ਮੂਰਤੀ ਸਥਾਪਨਾ ਤੇ ਵਾਲਮੀਕ ਤੀਰਥ ਨੂੰ ਆਵਾਮ ਦੇ ਸਮਰਪਿਤ ਕੀਤਾ। ਇਸ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਵੀ ਪਾਣੀ ਦੇ ਮੁੱਦੇ 'ਤੇ ਸਿਆਸਤ ਕਰਦੇ ਦਿਖਾਈ ਦਿੱਤੇ। ਬਾਦਲ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਧਾਰਮਿਕ ਸਮਾਗਮ ਵਿੱਚ ਅਜਿਹਾ ਨਹੀਂ ਕਹਿਣਾ ਚਾਹੀਦਾ ਪਰ ਫਿਰ ਵੀ ਲੋਕਾਂ ਨੂੰ ਉਨ੍ਹਾਂ ਦੀ ਅਪੀਲ ਹੈ ਕੇ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਰਾਜਸਥਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਪੱਥਰ ਕੁਦਰਤ ਦੀ ਦੇਣ ਹੈ ਪਰ ਉੱਥੋਂ ਦੀ ਸਰਕਾਰ ਪੱਥਰ ਕਿਸੇ ਨੂੰ ਵੀ ਮੁਫ਼ਤ ਨਹੀਂ ਦਿੰਦੀ। ਇਸ ਲਈ ਪੰਜਾਬ ਨੂੰ ਕੁਦਰਤ ਵੱਲੋਂ ਮਿਲਿਆ ਪਾਣੀ ਕਿਸੇ ਹੋਰ ਸੂਬੇ ਨੂੰ ਕਿਸ ਤਰ੍ਹਾਂ ਦੇ ਦਿੱਤਾ ਜਾਵੇ। ਇਸ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਜੋ ਫੈਸਲਾ ਆਇਆ ਹੈ, ਉਹ ਉਸ ਨਾਲ ਸਹਿਮਤ ਹਨ। ਇਸ ਫੈਸਲੇ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਕਿਸਾਨਾਂ ਕੋਲ ਜ਼ਮੀਨ ਹੈ, ਉਨ੍ਹਾਂ ਕੋਲ ਹੀ ਰਹੇਗੀ। ਇਸ ਫੈਸਲੇ ਨਾਲ ਕਾਫੀ ਰਾਹਤ ਮਿਲੀ ਹੈ।