ਫ਼ਰੀਦਕੋਟ: ਪੰਜਾਬ ਪੁਲਿਸ ਦੇ ਆਈਜੀ (ਮੁਅੱਤਲ) ਪਰਮਰਾਜ ਸਿੰਘ ਉਮਰਾਨੰਗਲ ਹੁਣ ਜੇਲ੍ਹ ਵਿੱਚੋਂ ਬਾਹਰ ਆ ਸਕਦੇ ਹਨ। ਦਰਅਸਲ, ਕੋਟਕਪੂਰਾ ਗੋਲ਼ੀਕਾਂਡ ਮਾਮਲੇ ਵਿੱਚ ਹੁਣ ਉਮਰਾਨੰਗਲ ਨੂੰ ਫ਼ਰੀਦਕੋਟ ਅਦਾਲਤ ਤੋਂ ਪੱਕੀ ਜ਼ਮਾਨਤ ਮਿਲ ਗਈ ਹੈ। ਹੁਣ ਉਹ ਪਟਿਆਲਾ ਜੇਲ੍ਹ ਵਿੱਚੋਂ ਬਾਹਰ ਆ ਸਕਦੇ ਹਨ।


ਦਰਅਸਲ, ਪਿਛਲੇ ਦਿਨੀਂ ਉਮਰਾਨੰਗਲ ਨੂੰ ਬਹਿਬਲ ਕਲਾਂ ਗੋਲ਼ੀਕਾਂਡ ਵਿੱਚ ਬਲੈਂਕੇਟ ਬੇਲ ਹਾਸਲ ਹੋ ਗਈ ਸੀ। ਚਰਚਾਵਾਂ ਸਨ ਕਿ ਐਸਆਈਟੀ ਉਮਰਾਨੰਗਲ ਨੂੰ ਬਹਿਬਲ ਕਲਾਂ ਗੋਲ਼ੀਕਾਂਡ ਮਾਮਲੇ ਵਿੱਚ ਵੀ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਨੂੰ ਉਮਰਾਨੰਗਲ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਸੱਤ ਦਿਨਾਂ ਦਾ ਨੋਟਿਸ ਦੇਣਾ ਪਵੇਗਾ। ਇਸ ਮਗਰੋਂ ਹੁਣ ਉਮਰਾਨੰਗਲ ਨੂੰ ਅਦਾਲਤ ਵੱਲੋਂ ਡਬਲ ਰਾਹਤ ਮਿਲ ਗਈ ਹੈ।

ਗੋਲ਼ੀਕਾਂਡ ਵਿੱਚ ਨਾਮਜ਼ਦ ਹੋਣ ਮਗਰੋਂ ਪੰਜਾਬ ਸਰਕਾਰ ਨੇ ਉਮਰਾਨੰਗਲ ਨੂੰ ਇੰਸਪੈਕਟਰ ਜਨਰਲ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ, ਉਸ ਖ਼ਿਲਾਫ਼ ਗੋਲ਼ੀਕਾਂਡ ਦੀ ਜਾਂਚ ਬਕਾਇਆ ਹੈ।

ਬੇਅਦਬੀਆਂ ਅਤੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਨੇ ਉਮਰਾਨੰਗਲ ਨੂੰ ਬੀਤੀ 18 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ 26 ਫਰਵਰੀ ਤਕ ਉਹ ਪੁਲਿਸ ਰਿਮਾਂਡ ’ਤੇ ਰਹੇ। ਇਸ ਤੋਂ ਬਾਅਦ ਉਮਰਾਨੰਗਲ ਨੂੰ 14-14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਰੱਖਿਆ ਗਿਆ। ਪਰ ਹੁਣ ਉਸ ਦੀ ਪੱਕੀ ਜ਼ਮਾਨਤ ਹੋ ਗਈ ਹੈ।