ਚੰਡੀਗੜ੍ਹ : ਲੁਧਿਆਣਾ ਤੋਂ ਆਜ਼ਾਦ ਵਿਧਾਇਕ ਭਰਾਵਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੂੰ ਚੁੱਕ ਕੇ ਪੰਜਾਬ ਵਿਧਾਨ ਸਭਾ ’ਚੋਂ ਬਾਹਰ ਕੀਤੇ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਸਦਨ ਵਿੱਚ ਡਾ. ਭੀਮ ਰਾਓ ਅੰਬੇਦਕਰ ਦੇ 125ਵੇਂ ਜਨਮ ਦਿਨ ਸਬੰਧੀ ਲਿਆਂਦੇ ਮਤੇ ’ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੋਲਣ ਲਈ ਖੜ੍ਹੇ ਹੋਏ ਤਾਂ ਸਿਮਰਜੀਤ ਸਿੰਘ ਬੈਂਸ ਨੇ ਰਾਜਸਥਾਨ ਨੂੰ ਪੰਜਾਬ ਤੋਂ ਜਾਂਦੇ ਪਾਣੀ ਦੇ ਮੁੱਦੇ ’ਤੇ ਬੋਲਣ ਦੀ ਇਜਾਜ਼ਤ ਮੰਗੀ ਪਰ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਆਜ਼ਾਦ ਵਿਧਾਇਕ ਨੂੰ ਬੋਲਣ ਦੀ ਆਗਿਆ ਨਾ ਦਿੱਤੀ।
ਬੈਂਸ ਨੇ ਜਦੋਂ ਬੋਲਣਾ ਜਾਰੀ ਰੱਖਿਆ ਤਾਂ ਸਪੀਕਰ ਨੇ ਉਨ੍ਹਾਂ ਨੂੰ ਸਦਨ ’ਚੋਂ ਬਾਹਰ ਜਾਣ ਦਾ ਹੁਕਮ ਦਿੱਤਾ। ਸਪੀਕਰ ਦੇ ਕਹਿਣ ਉੱਤੇ ਵੀ ਸਿਮਰਜੀਤ ਸਿੰਘ ਬੈਂਸ ਆਪਣੀ ਗੱਲ ਕਹਿਣ ’ਤੇ ਅੜੇ ਰਹੇ ਤਾਂ ਅਟਵਾਲ ਦੇ ਨਿਰਦੇਸ਼ਾਂ ’ਤੇ ਮਾਰਸ਼ਲਾਂ ਨੇ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ, ਜੋ ਰੋਸ ਪ੍ਰਗਟਾਉਣ ਲਈ ਸਪੀਕਰ ਦੇ ਆਸਣ ਸਾਹਮਣੇ ਬੈਠੇ ਸਨ, ਨੂੰ ਚੁੱਕ ਕੇ ਬਾਹਰ ਕੱਢ ਦਿੱਤਾ।
ਆਜ਼ਾਦ ਵਿਧਾਇਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸਦਨ ਵਿੱਚ ਬੋਲਣ ਤੋਂ ਰੋਕਿਆ ਜਾ ਰਿਹਾ ਹੈ। ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਗਾਇਆ ਕਿ ਸੁਰੱਖਿਆ ਕਰਮੀਆਂ ਨੇ ਬਦਸਲੂਕੀ ਕੀਤੀ ਹੈ।