ਬਠਿੰਡਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਲੁਧਿਆਣਾ ਦੇ ਆਮਤ ਨਗਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਕਿਸਾਨ ਅੰਦੋਲਨ ਵਿੱਚ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਹੋ ਰਹੇ ਨਿਰਾਦਰ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਬੈਂਸ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਸਰਕਾਰ ਨੂੰ ਝੋਨੇ ਤੇ ਕਣਕ ਵਾਂਗ ਸਬਜ਼ੀਆਂ ਦਾ MSP ਵੀ ਤੈਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖਾਣ ਵਾਲੀਆਂ ਚੀਜ਼ਾਂ ਦਾ ਨਿਰਾਦਰ ਨਾ ਕਰਨ, ਸਗੋਂ ਇਨ੍ਹਾਂ ਵਸਤਾਂ ਨੂੰ ਲੰਗਰ ਜਾਂ ਗ਼ਰੀਬ ਨੂੰ ਦਾਨ ਵਜੋਂ ਦਿੱਤਾ ਜਾਵੇ।   ਕੇਂਦਰ ਵੱਲੋਂ ਲੰਗਰ ਉੱਪਰ ਜੀਐੱਸਟੀ ਦੇ ਫ਼ੈਸਲੇ ਬਾਰੇ ਕਿਹਾ ਗੁਰੂ ਰਾਮਦਾਸ ਲੰਗਰ ਉੱਪਰ ਅਹਿਸਾਨ ਜਤਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਜਜ਼ੀਆ ਇਕੱਠਾ ਕੀਤਾ ਜਾ ਰਿਹਾ ਹੈ ਪਰ ਰਾਮਦਾਸ ਲੰਗਰ ਨੂੰ ਰਿਫੰਡ ਦੀ ਲੋੜ ਨਹੀਂ। ਹਰਸਿਮਰਤ 'ਤੇ ਕਟਾਕਸ਼ ਕਰਦਿਆਂ ਕਿਹਾ ਕਿ ਹਾਥੀ ਦੇ ਦੰਦ ਦਿਖਾਉਣ ਲਈ ਹੋਰ ਤੇ ਖਾਣ ਲਈ ਹੋਰ ਜੇ ਬਾਦਲਾਂ ਨੂੰ ਸ਼ਰਮ ਹੈ ਤਾਂ ਹਰਸਿਮਰਤ ਬਾਦਲ ਅਸਤੀਫਾ ਦੇਵੇ। ਸ਼ਾਹਕੋਟ ਚੋਣ ਬਾਰੇ ਬੈਂਸ ਨੇ ਕਿਹਾ ਕਿ ਕੈਪਟਨ ਤੇ ਬਾਦਲਾਂ ਦੀ ਸੰਧੀ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੀ ਕੁਰਸੀ ਬਚਾਉਣ ਲਈ ਬਾਦਲਾਂ ਨੇ ਮਦਦ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਜਿਸ ਦਿਨ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਤੋਂ ਇਲਾਵਾ ਕੋਈ ਹੋਰ ਬਣੇਗਾ ਉਸੇ ਦਿਨ ਅਕਾਲੀ ਦਲ ਦਾ ਕਾਊਂਟ ਡਾਉਨ ਸ਼ੁਰੂ ਹੋ ਜਾਵੇਗਾ। ਦਿੱਲੀ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਇਕੱਠੇ ਚੋਣ ਲੜਨ ਬਾਰੇ ਪੁੱਛੇ ਸਵਾਲ 'ਤੇ ਬੈਂਸ ਨੇ ਬਹੁਤਾ ਕੁਝ ਨਾ ਬੋਲਦਿਆਂ ਪਰ ਵਿਅੰਗ ਕਰਦਿਆਂ ਕਿਹਾ ਕਿ ਕਾਂਗਰਸ ਨਾਲ 'ਆਪ' ਪਹਿਲਾਂ ਤਜ਼ਰਬਾ ਕਰ ਚੁੱਕੀ ਹੈ। ਬੈਂਸ ਨੇ ਐਲਾਨ ਕੀਤਾ ਕਿ ਉਹ 2019 ਦੀ ਚੋਣ ਲੜਨਗੇ ਅਤੇ ਜਲਦੀ ਹੀ ਪੂਰੇ ਪੰਜਾਬ ਵਿੱਚ ਪਾਰਟੀ ਦੇ ਯੂਨਿਟ ਖੜ੍ਹੇ ਕੀਤੇ ਜਾਣਗੇ।