ਚੰਡੀਗਰ੍ਹ: ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਸਿਮਰਜੀਤ ਬੈਂਸ ਨੂੰ ਤਿਆਰ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਸਿਮਰਜੀਤ ਬੈਂਸ ਖ਼ਿਲਾਫ਼ ਮਾਨਹਾਣੀ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ।   ਦਰਅਸਲ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਨਸ਼ਾ ਛਡਾਉ ਦਵਾਈਆਂ ਦੇ ਕਥਿਤ ਘਪਲੇ ਵਿੱਚ ਬ੍ਰਹਮ ਮਹਿੰਦਰਾ ਖਿਲਾਫ ਸੀਬੀਆਈ ਜਾਂਚ ਮੰਗੀ ਹੈ। ਇਸ ਦੇ ਜਵਾਬ ਵਿੱਚ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ CBI ਛੱਡ KGB ਤੇ CIA ਦੀ ਜਾਂਚ ਕਰਵਾ ਲੈਣ। ਬ੍ਰਹਮ ਮਹਿੰਦਰਾ ਨੇ ਕਿਹਾ ਕਿ ਅਜੇ ਤਾਂ ਟੈਂਡਰ ਹੀ ਨਹੀਂ ਹੋਇਆ, ਪਹਿਲਾਂ ਹੀ ਘਪਲਾ ਕਿੱਥੇ ਹੋ ਗਿਆ। ਉਨ੍ਹਾਂ ਕਿਹਾ ਬੈਂਸ ਦਾ ਕੰਮ ਹੀ ਇਲਜ਼ਾਮ ਲਾਉਣਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਕੰਪਨੀ ਨੂੰ ਬੈਂਸ ਮੇਰੀ ਦੱਸ ਰਿਹਾ ਹੈ, ਉਸ ਕੰਪਨੀ ਖਿਲਾਫ ਮੈਂ ਕੈਗ ਰਿਪੋਰਟ ਦੇ ਅਧਾਰ 'ਤੇ ਕਾਰਵਾਈ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਬੈਂਸ ਦੇ ਇਲਜ਼ਾਮਾਂ ਵਿੱਚ ਕੋਈ ਦਮ ਨਹੀਂ। ਕਿਸੇ ਮੈਡੀਸਨ ਕੰਪਨੀ ਨਾਲ ਮਿਲ ਕੇ ਮੇਰੇ ਤੇ ਝੂਠੇ ਇਲਜ਼ਾਮ ਲਾ ਰਿਹਾ ਹੈ। ਬੈਂਸ ਨੇ ਇਲਜ਼ਾਮ ਲਾਇਆ ਹੈ ਕਿ ਦਵਾਈਆਂ ਦੇ ਕਰੋੜਾਂ ਦੇ ਘਪਲੇ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਤਾਂ ਸਭ ਕੁਝ ਸਾਹਮਣੇ ਆ ਜਾਵੇਗਾ। ਪਤਾ ਲੱਗੇਗਾ ਕਿ ਕੰਪਨੀ ਦਾ ਅਸਲ ਮਾਲਕ ਕੌਣ ਹੈ। ਸਿਮਰਜੀਤ ਬੈਂਸ ਨੇ ਸਿਹਤ ਮੰਤਰੀ 'ਤੇ ਵੱਡਾ ਇਲਜ਼ਾਮ ਲਾਇਆ ਹੈ ਕਿ ਮੰਤਰੀ 40 ਪੈਸੇ ਦੀ ਦਵਾਈ ਨੂੰ ਬੇਹੱਦ ਮਹਿੰਗੀ ਵੇਚਣਗੇ। ਕਰੋੜਾਂ ਦਾ ਘਪਲਾ ਕੀਤਾ ਜਾਵੇਗਾ। ਇਨ੍ਹਾਂ ਕਿਹਾ ਕਿ ਜੇ ਮੰਤਰੀ ਸੱਚੇ ਹਨ ਤਾਂ ਉਹ ਪਹਿਲਾਂ ਵਾਲੇ ਮਾਮਲੇ ਵਿੱਚ ਵੀ ਮੇਰੇ ਖਿਲਾਫ ਮਾਣਹਾਨੀ ਦਾ ਮਕੱਦਮਾ ਦਰਜ ਕਰਵਾਉਂਦੇ।