ਚੰਡੀਗੜ੍ਹ: ਕੈਪਟਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਕਾਂਗਰਸ ਦੇ ਅੰਦਰ ਵੀ ਖਾਨਾਜੰਗੀ ਛਿੜ ਗਈ ਹੈ। ਇਸ ਵਾਰ ਫਿਰ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਹਮੋ-ਸਾਹਮਣੇ ਹੋਏ ਹਨ। ਬਾਜਵਾ ਨੇ ਸਿੱਧਾ ਕੈਪਟਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।


ਬਾਜਵਾ ਖਿਲਾਫ ਕਾਰਵਾਈ ਦੀਆਂ ਰਿਪੋਰਟਾਂ ਮਗਰੋਂ ਉਨ੍ਹਾਂ ਕਿਹਾ ਹੈ ਕਿ ਕਿਸੇ ਹੋਰ ਨੇ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਾਰਵਾਈ ਦੀ ਚਰਚਾ ਛੇੜੀ ਸੀ। ਬਾਜਵਾ ਨੇ ਦਾਅਵਾ ਕੀਤਾ ਹੈ ਕਿ ਕਈ ਕੈਬਨਿਟ ਮੰਤਰੀਆਂ ਨੇ ਟੈਲੀਫੋਨ ਕਰਕੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਬਾਜਵਾ ਖਿਲਾਫ ਕਾਰਵਾਈ ਬਾਰੇ ਚਰਚਾ ਹੋਈ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਕੈਬਨਿਟ ਮੰਤਰੀਆਂ ਵੱਲੋਂ ਬਾਜਵਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ। ਬਾਜਵਾ ਦਾ ਕਹਿਣਾ ਹੈ ਕਿ ਕੈਬਨਿਟ ਨੇ ਇਸ ਬਾਰੇ ਕੋਈ ਚਰਚਾ ਨਹੀਂ ਕੀਤੀ ਸਗੋਂ ਕੈਪਟਨ ਨੇ ਹੀ ਬਿਆਨ ਜਾਰੀ ਕੀਤਾ ਸੀ। ਬਾਜਵਾ ਨੇ ਕਿਹਾ ਕਿ ਉਹ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਰਹਿਣਗੇ ਤੇ ਆਵਾਜ਼ ਚੁੱਕਦੇ ਰਹਿਣਗੇ। ਇਸ ਦੀ ਕੀਮਤ ਜੋ ਵੀ ਦੇਣੀ ਪਵੇਗੀ, ਪਿੱਛੇ ਨਹੀਂ ਹਟਣਗੇ।

ਮੰਤਰੀਆਂ ਵੱਲੋਂ ਕੀਤੀ ਗਈ ਬਾਜਵਾ ਖਿਲਾਫ ਕਾਰਵਾਈ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਕੁਝ ਮੰਤਰੀ ਕੈਬਨਿਟ ਮੀਟਿੰਗ ਵਿੱਚ ਮੌਜੂਦ ਨਹੀਂ ਸੀ। ਇਸ ਦੇ ਬਾਵਜੂਦ ਉਨ੍ਹਾਂ ਦਾ ਨਾਂ ਪਾ ਕੇ ਬਿਆਨ ਜਾਰੀ ਕੀਤਾ ਗਿਆ। ਬਾਜਵਾ ਨੇ ਕਿਹਾ ਕਿ ਚਾਰ ਮੰਤਰੀਆਂ ਨਾਲ ਫੋਨ ਰਾਹੀਂ ਸੰਪਰਕ ਹੋਇਆ ਜਿਨ੍ਹਾਂ ਨੇ ਸਪੱਸ਼ਟ ਤੌਰ 'ਤੇ ਕੈਪਟਨ ਵੱਲੋਂ ਜਾਰੀ ਬਿਆਨ ਨਾਲੋਂ ਨਾਤਾ ਤੋੜਿਆ ਹੈ।

ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਤੱਕ ਲਗਾਤਾਰ ਕੈਪਟਨ ਖਿਲਾਫ ਹਰ ਸ਼ਿਕਾਇਤ ਪਹੁੰਚ ਰਹੀ ਹੈ। ਕੈਪਟਨ ਖ਼ਿਲਾਫ਼ ਜਿੰਨੀਆਂ ਵੀ ਆਵਾਜ਼ਾਂ ਖੜ੍ਹੀਆਂ ਹੁੰਦੀਆਂ ਹਨ, ਪੰਜਾਬ ਵਿੱਚ ਉਸ ਦੀ ਰਿਪੋਰਟ ਪਾਰਟੀ ਦੀ ਹਾਈਕਮਾਨ ਤੱਕ ਪਹੁੰਚਾਈ ਜਾਂਦੀ ਹੈ। ਬਾਜਵਾ ਨੇ ਕਿਹਾ ਕਿ ਲੋਕਾਂ ਦੇ ਮੁੱਦੇ ਚੁੱਕਣ ਤੋਂ ਪਿੱਛੇ ਨਹੀਂ ਹਟਾਂਗਾ।