ਚੰਡੀਗੜ੍ਹ: "ਕਾਂਗਰਸ 'ਚ ਸ਼ਾਮਲ ਹੋਏ ਅਕਾਲੀਆਂ ਨੂੰ ਟਿਕਟਾਂ ਨਹੀਂ ਮਿਲਣੀਆਂ ਚਾਹੀਦੀਆਂ। ਕਾਂਗਰਸ ਦੀਆਂ ਟਿਕਟਾਂ ਟਕਸਾਲੀ ਕਾਂਗਰਸੀਆਂ ਨੂੰ ਹੀ ਮਿਲਣੀਆਂ ਚਾਹੀਦੀਆਂ ਹਨ। ਮੈਂ ਹਰ ਮੀਟਿੰਗ 'ਚ ਇਸ ਦੀ ਠੋਕ ਕੇ ਪੈਰਵੀ ਕਰਾਂਗਾ।" ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹਿ ਕੇ ਕੈਪਟਨ ਦੀ 'ਅਕਾਲੀ ਸ਼ਾਮਲ ਕਰੋ' ਨੀਤੀ ਖ਼ਿਲਾਫ ਵੱਡਾ ਬਿਆਨ ਦਿੱਤਾ ਹੈ। ਦੱਸਣਯੋਗ ਹੈ ਕਿ ਪਿਛਲੇ ਸਮੇਂ ਕੈਪਟਨ ਨੇ ਇੰਦਰਬੀਰ ਬੁਲਾਰੀਆ, ਉਪਕਾਰ ਸੰਧੂ ਤੇ ਵਰਿੰਦਰ ਬਾਜਵਾ (ਸਾਬਕਾ ਰਾਜ ਸਭਾ ਮੈਂਬਰ) ਜਿਹੇ ਸੀਨੀਅਰ ਅਕਾਲੀ ਲੀਡਰ ਪਾਰਟੀ 'ਚ ਸ਼ਾਮਲ ਕੀਤੇ ਹਨ ਤੇ ਇਨ੍ਹਾਂ ਨੂੰ ਟਿਕਟ ਮਿਲਣ ਦੇ ਅਸਾਰ ਵੀ ਹਨ।

ਬਾਜਵਾ ਨੇ ਕਿਹਾ, "ਮੈਂ ਕਾਂਗਰਸ ਦੇ ਜੈਪੁਰ ਮਤੇ ਦੀ ਪ੍ਰੋੜਤਾ ਕਰਦਾ ਹੋਇਆ ਕਹਿੰਦਾ ਹਾਂ ਕਿ ਟਕਸਾਲੀ ਕਾਂਗਰਸੀਆਂ ਨੂੰ ਸੀਟਾਂ ਦੇਣੀਆਂ ਚਾਹੀਦੀਆਂ ਹਨ। ਜੈਪੁਰ 'ਚ ਕਾਂਗਰਸ ਦੀ ਕੌਮੀ ਲੀਡਰਸ਼ਿਪ ਨੇ ਕਿਹਾ ਕਿ ਕਾਂਗਰਸ 'ਚ ਸ਼ਾਮਲ ਹੋਏ ਵਿਅਕਤੀ ਨੂੰ ਤਿੰਨ ਸਾਲ ਬਾਅਦ ਟਿਕਟ ਮਿਲ ਸਕਦੀ ਹੈ।" ਬਾਜਵਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਕਾਂਗਰਸ ਪਾਰਟੀ 'ਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਪਾਰਟੀ 'ਚ ਜੀ ਆਇਆਂ ਕਹਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਿਛਲੀ ਵਾਰ ਪੀਪਲਜ਼ ਪਾਰਟੀ ਆਫ਼ ਪੰਜਾਬ ਕਾਰਨ ਹਾਰੀ ਸੀ। ਇਸ ਲਈ ਇਸ ਵਾਰ ਸਾਰੀਆਂ ਸੈਕੂਲਰ ਪਾਰਟੀਆਂ ਨਾਲ ਕਾਂਗਰਸ ਨੂੰ ਗਠਜੋੜ ਕਰਨ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਸਾਰੀਆਂ ਸੀਟਾਂ ਦਾ ਫੈਸਲਾ ਹਾਈਕਮਾਨ ਤੋਂ ਹੀ ਹੋਵੇਗਾ। ਉਨ੍ਹਾਂ ਕੈਪਟਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਏ ਜਾਣ 'ਤੇ ਕਿਹਾ ਕਿ ਇਸ ਦਾ ਫੈਸਲਾ ਉੱਚ ਲੀਡਰਸ਼ਿਪ ਕਰੇਗੀ। ਉਨ੍ਹਾਂ ਕਿਹਾ ਕਿ ਮੈਂ ਨਾ ਕਿਸੇ ਦੇ ਨਾਂ ਦੀ ਸਿਫਾਰਸ਼ ਕੀਤੀ ਹੈ ਤੇ ਨਾ ਹੀ ਕਿਸੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਆਮ ਆਦਮੀ ਪਾਰਟੀ ਦਾ ਗ੍ਰਾਫ ਪਾਕਿਸਤਾਨ ਦੀ ਸਟੌਕ ਐਕਸਚੈਂਜ ਵਾਂਗ ਡਿੱਗ ਰਿਹਾ ਹੈ ਕਿਉਂਕਿ 'ਆਪ' ਦੇ ਲੀਡਰ ਕਹਿੰਦੇ ਕੁਝ ਹੋਰ ਨੇ ਤੇ ਕਰਦੇ ਕੁਝ ਹੋਰ ਹਨ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਸ਼ੀਲਾ ਦੀਕਸ਼ਤ ਖ਼ਿਲਾਫ ਕੁਝ ਨਹੀਂ ਕੀਤਾ ਤੇ ਮਜੀਠੀਆ ਖ਼ਿਲਾਫ ਵੀ ਕੁਝ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਤਾਂ ਪਹਿਲੀ ਸਰਕਾਰ 'ਚ ਵੀ ਅਕਾਲੀਆਂ ਤੇ ਬਾਦਲ ਪਰਿਵਾਰ ਨੂੰ ਜੇਲ੍ਹ 'ਚ ਦਿੱਤਾ ਸੀ। ਇਸ ਕਰਕੇ ਲੋਕ ਕਾਂਗਰਸ 'ਤੇ ਵਿਸਵਾਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ 'ਚ ਕਾਂਗਰਸ ਨੰਬਰ ਵਨ ਹੈ। ਕਾਂਗਰਸ 'ਚੋਂ ਪ੍ਰਸ਼ਾਤ ਕਿਸ਼ੋਰ ਦੀ ਛੁੱਟੀ ਹੋਣ ਮਾਮਲੇ 'ਤੇ ਬਾਜਵਾ ਨੇ ਕਿਹਾ ਕਿ ਪ੍ਰਸ਼ਾਤ ਕਿਸ਼ੋਰ ਬਾਰੇ ਉਨ੍ਹਾਂ ਨੂੰ ਅਜਿਹੀ ਗੱਲ ਪਤਾ ਨਹੀਂ ਤੇ ਪ੍ਰਸ਼ਾਂਤ ਕਾਂਗਰਸ ਲਈ ਚੰਗਾ ਕੰਮ ਕਰ ਰਹੇ ਹਨ।