ਬਠਿੰਡਾ: ਡੇਰਾ ਪ੍ਰੇਮੀਆਂ ਤੇ ਸਿੱਖ ਸੰਗਤ ਵਿਚਾਲੇ ਹੋਏ ਝਗੜੇ ਦੇ ਮਾਮਲੇ ਵਿੱਚ ਸਿਰਸਾ ਦੀ ਅਦਾਲਤ ਨੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਮੇਤ 15 ਸਿੱਖਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ। ਇਹ ਝਗੜਾ ਸਾਲ 2007 ਵਿੱਚ ਪਿੰਡ ਘੁੱਕਿਆਂਵਾਲੀ ਵਿੱਚ ਹੋਇਆ ਸੀ। ਡੇਰਾ ਮੁਖੀ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਵਰਗਾ ਬਾਣਾ ਪਾ ਕੇ ਅੰਮ੍ਰਿਤ ਛਕਾਉਣ ਦਾ ਸਿੱਖ ਪੰਥ ਨੇ ਵਿਰੋਧ ਕੀਤਾ ਸੀ।
ਇਸ ਮਾਮਲੇ ਵਿੱਚ 17 ਮਈ, 2007 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਿੱਖ ਪੰਥ ਦਾ ਵੱਡਾ ਇਕੱਠ ਹੋਇਆ ਤੇ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਵੱਲੋਂ ਡੇਰਾ ਮੁਖੀ ਦੇ ਬਾਈਕਾਟ ਦਾ ਹੁਕਮਨਾਮਾ ਜਾਰੀ ਕੀਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਹੁਕਮਨਾਮੇ ਉੱਪਰ ਪਹਿਰਾ ਦਿੰਦਿਆਂ 16 ਜੁਲਾਈ, 2007 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਪਿੰਡ ਘੁੱਕਿਆਂਵਾਲੀ ਜ਼ਿਲ੍ਹਾ ਸਿਰਸਾ ’ਚ ਪੁੱਜਣ ’ਤੇ ਸਿੱਖ ਸੰਗਤ ਵੱਲੋਂ ਘਿਰਾਓ ਕੀਤਾ ਗਿਆ।
ਇਸ ਦੌਰਾਨ ਦੋਵਾਂ ਧਿਰਾਂ ਵਿੱਚ ਹੋਈ ਟੱਕਰ ਵਿੱਚ ਕਈ ਵਿਅਕਤੀ ਫੱਟੜ ਹੋ ਗਏ ਸਨ। ਇਸ ਮਾਮਲੇ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਪ੍ਰਕਾਸ਼ ਸਿੰਘ ਸ਼ਾਹੂਵਾਲਾ, ਬਾਬਾ ਹਰਦੇਵ ਸਿੰਘ ਰਾਜਸਥਾਨ, ਸੁਖਵਿੰਦਰ ਸਿੰਘ ਪ੍ਰਧਾਨ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ, ਮੈਨੇਜ਼ਰ ਸ਼ੇਰ ਸਿੰਘ, ਸਰਪੰਚ ਪਾਲ ਸਿੰਘ ਮਿੱਠੜੀ, ਮੇਜਰ ਸਿੰਘ ਮਿੱਠੜੀ, ਸ਼ੇਰ ਸਿੰਘ ਚੋਰਮਾਰ, ਜਗਸ਼ੀਰ ਸਿੰਘ ਚੋਰਮਾਰ, ਗੁਰਸੇਵਕ ਸਿੰਘ ਕਿੰਗਰਾ ਤੇ ਗੁਰਦੀਪ ਸਿੰਘ ਮਾਸਟਰ, ਗੁਰਦੀਪ ਸਿੰਘ, ਬਲਦੇਵ ਸਿੰਘ, ਅੰਮ੍ਰਿਤਪਾਲ ਸਿੰਘ ਚਾਰੇ ਪਿੰਡ ਘੁੱਕਿਆਂਵਾਲੀ, ਰਣਜੀਤ ਸਿੰਘ ਔਢਾਂ ਸਮੇਤ 15 ਸਿੱਖਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ।
11 ਸਾਲ ਚੱਲੇ ਇਸ ਕੇਸ ਦੇ ਵਿੱਚ ਅੱਜ ਜਥੇਦਾਰ ਦਾਦੂਵਾਲ ਸਮੇਤ ਸਾਰੇ ਸਿੰਘਾਂ ਨੂੰ ਐਡੀਸ਼ਨਲ ਸੈਸ਼ਨ ਜੱਜ ਜਰਨੈਲ ਸਿੰਘ ਦੀ ਅਦਾਲਤ ਵੱਲੋਂ ਵਕੀਲ ਰਣਜੀਤ ਸਿੰਘ, ਭਰਪੂਰ ਸਿੰਘ ਮਨਮਿੰਦਰ ਸਿੰਘ ਡੱਬਵਾਲੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਰੀ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਇੱਕ ਹੋਰ ਕੇਸ ’ਚ ਵੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਹੋਰ ਸਿੰਘ ਡੱਬਵਾਲੀ ਕੋਰਟ ਵਿੱਚੋਂ ਬਰੀ ਹੋਏ ਸਨ।