ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਦੋਹਰੇ ਸੰਵਿਧਾਨ ਤੇ ਪਾਰਟੀ ਦੀ ਮਾਨਤਾ ਰੱਦ ਕਰਵਾਉਣ ਦਾ ਕੇਸ ਲੜਨ ਵਾਲੇ ਉੱਘੇ ਸੋਸ਼ਲ ਸਮਾਜਕ ਕਾਰਕੁਨ ਤੇ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਬਲਵੰਤ ਖੇੜਾ ਅਕਾਲੀ ਦਲ ਖਿਲਾਫ ਪੰਜਾਬ ਰਾਜ ਚੋਣ ਕਮਿਸ਼ਨ ਕੋਲ ਪਹੁੰਚੇ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਅਕਾਲੀ ਦਲ ਉੱਪਰ ਹਰ ਚੋਣ ਲੜਨ 'ਤੇ ਪਾਬੰਦੀ ਲੱਗੇ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦੋ ਸੰਵਿਧਾਨ ਹਨ। ਸ਼੍ਰੋਮਣੀ ਕਮੇਟੀ ਦੇ ਚੋਣ ਕਮਿਸ਼ਨ ਕੋਲ ਧਾਰਮਿਕ ਹੋਣ ਦਾ ਸੰਵਿਧਾਨ ਦਿੱਤਾ ਹੈ। ਦੂਜੇ ਪਾਸੇ ਭਾਰਤੀ ਚੋਣ ਕਮਿਸ਼ਨ ਕੋਲ ਧਰਮ ਨਿਰਪੱਖ ਹੋਣ ਦਾ ਸੰਵਿਧਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਸਿਰਫ਼ ਧਾਰਮਿਕ ਪਾਰਟੀ ਲੜ ਸਕਦੀ ਹੈ ਤੇ ਆਮ ਚੋਣਾਂ ਸਿਰਫ ਧਰਮ ਨਿਰਪੱਖ ਪਾਰਟੀ। ਇਸ ਲਈ ਅਕਾਲੀ ਦਲ ਨੇ ਚੋਣ ਕਮਿਸ਼ਨ ਨਾਲ ਝੂਠ ਤੇ ਫਰਾਡ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਹਾਈਕੋਰਟ ਵਿੱਚ ਅਕਾਲੀ ਦਲ ਖ਼ਿਲਾਫ਼ ਕੇਸ ਚੱਲ ਰਿਹਾ ਹੈ। ਪ੍ਰਸ਼ਾਤ ਭੂਸ਼ਨ ਵਕੀਲ ਹਨ। ਕੇਸ ਜਿੱਤਣ ਦੇ ਪੂਰੇ ਆਸਾਰ ਹਨ। ਖੇੜਾ ਨੇ ਕਿਹਾ ਅਕਾਲੀ ਦਲ ਖਿਲਾਫ ਸਾਰੇ ਸਬੂਤ ਚੋਣ ਕਮਿਸ਼ਨ ਤੇ ਅਦਾਲਤ ਵਿੱਚ ਦਿੱਤੇ ਹਨ। ਦੇਰੀ ਭਾਵੇਂ ਹੋ ਜਾਵੇ ਪਰ ਇਨਸਾਫ ਮਿਲੇਗਾ। ਦੱਸਣਯੋਗ ਹੈ ਕਿ ਬਲਵੰਤ ਖੇੜਾ ਨੇ ਹੀ ਮਾਲਟਾ ਕਾਂਡ ਦੀ ਸਾਰੀ ਕਾਨੂੰਨੀ ਲੜਾਈ ਲੜੀ ਸੀ ਤੇ ਪੀੜਤਾਂ ਨੂੰ ਇਨਸਾਫ ਮਿਲਿਆ ਸੀ।