ਪਟਿਆਲਾ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਦੇ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਤੇ ਜਗਤਾਰ ਸਿੰਘ ਹਵਾਰਾ ਵਿਚਾਲੇ ਖੜਕ ਗਈ ਹੈ। ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਇਸੇ ਹੀ ਕੇਸ ਵਿੱਚ ਤਾਉਮਰ ਕੈਦ ਅਧੀਨ ਤਿਹਾੜ ਜੇਲ੍ਹ, ਦਿੱਲੀ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਏਜੰਸੀਆਂ ਦਾ ਹੱਥ ਠੋਕਾ ਤੱਕ ਕਰਾਰ ਦਿੱਤਾ ਹੈ।


ਹਵਾਰਾ ਵੱਲੋਂ ਬਣਾਈ ਗਈ ਕਮੇਟੀ ਵੱਲੋਂ ਰਾਜੋਆਣਾ ਦੀ ਰਿਹਾਈ ਲਈ ਯਤਨਾਂ ’ਤੇ ਰਾਜੋਆਣਾ ਨੇ ਕਿਹਾ ਕਿ ਅਜਿਹੀ ਕਮੇਟੀ ਨੂੰ ਉਸ ਦੀ ਰਿਹਾਈ ਲਈ ਯਤਨ ਕਰਨ ਦੀ ਕੋਈ ਲੋੜ ਨਹੀਂ। ਉਹ ਨਹੀਂ ਚਾਹੁੰਦੇ ਕਿ ਅਜਿਹੇ ਅਖੌਤੀ ਜਥੇਦਾਰ ਵੱਲੋਂ ਬਣਾਈ ਗਈ ਕਮੇਟੀ ਉਨ੍ਹਾਂ ਲਈ ਕੋਈ ਚਾਰਾਜੋਈ ਕਰੇ। ਉਨ੍ਹਾਂ ਦੀ ਸਜ਼ਾ ਸਬੰਧੀ ਆਉਣ ਵਾਲਾ ਕੋਈ ਵੀ ਫ਼ੈਸਲਾ ਉਸ ਨੂੰ ਮਨਜ਼ੂਰ ਹੋਵੇਗਾ। ਆਪਣੀ ਭੈਣ ਕਮਲਦੀਪ ਕੌਰ ਨਾਲ ਮੁਲਾਕਾਤ ਦੌਰਾਨ ਪਟਿਆਲਾ ਜੇਲ੍ਹ ਵਿੱਚੋਂ ਮੀਡੀਆ ਦੇ ਨਾਂ ਭੇਜੇ ਗਏ ਪ੍ਰੈੱਸ ਬਿਆਨ ਵਿੱਚ ਰਾਜੋਆਣਾ ਨੇ ਹਵਾਰਾ ਦੀ ਕੁਝ ਹੋਰ ਪੱਖਾਂ ਤੋਂ ਵੀ ਆਲੋਚਨਾ ਕੀਤੀ।

ਜ਼ਿਕਰਯੋਗ ਹੈ ਕਿ 31 ਅਗਸਤ, 1995 ਨੂੰ ਵਾਪਰੇ ਬੇਅੰਤ ਸਿੰਘ ਕਤਲ ਕਾਂਡ ਸਬੰਧੀ ਰਾਜੋਆਣਾ ਤੇ ਹਵਾਰਾ ਨੂੰ ਇਕੱਠਿਆਂ ਹੀ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਰਾਜੋਆਣਾ ਨੇ ਇਸ ਖ਼ਿਲਾਫ਼ ਅਗਲੇਰੀ ਅਦਾਲਤ ਵਿਚ ਅਪੀਲ ਨਹੀਂ ਸੀ ਪਾਈ ਜਦਕਿ ਹਵਾਰਾ ਵੱਲੋਂ ਦਾਇਰ ਕੀਤੀ ਅਪੀਲ ਦੇ ਆਧਾਰ ’ਤੇ ਸੁਪਰੀਮ ਕੋਰਟ ਨੇ ਉਸ ਦੀ ਫਾਂਸੀ ਦੀ ਸਜ਼ਾ ਤੋੜ ਕੇ ਤਾਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਸੀ।

ਕੁਝ ਸਾਲ ਪਹਿਲਾਂ ਜਦੋਂ ਰਾਜੋਆਣਾ ਨੂੰ ਫਾਂਸੀ ਦੇਣ ਦੇ ਹੁਕਮ ਜਾਰੀ ਹੋਏ ਸਨ, ਸ਼੍ਰੋਮਣੀ ਕਮੇਟੀ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕਰਕੇ ਫਾਂਸੀ ਦੀ ਸਜ਼ਾ ਮੁਆਫ਼ ਕਰਨ ’ਤੇ ਜ਼ੋਰ ਦਿੱਤਾ ਸੀ। ਉਦੋਂ ਰਾਸ਼ਟਰਪਤੀ ਨੇ ਫਾਂਸੀ ’ਤੇ ਰੋਕ ਲਾ ਕੇ ਫਾਈਲ ਗ੍ਰਹਿ ਵਿਭਾਗ ਕੋਲ ਭੇਜ ਦਿੱਤੀ ਸੀ ਪਰ ਇਹ ਕੇਸ ਉਦੋਂ ਤੋਂ ਹੀ ਬਕਾਇਆ ਪਿਆ ਹੈ।