ਫ਼ਾਜ਼ਿਲਕਾ: ਬਰਗਾੜੀ ਮੋਰਚੇ ਨੇ ਐਲਾਨ ਕੀਤਾ ਹੈ ਕਿ ਆਉਂਦੀ 14 ਮਈ ਨੂੰ ਬਾਦਲਾਂ ਖ਼ਿਲਾਫ਼ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਮੋਰਚੇ ਦੇ ਲੀਡਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਫ਼ਾਜ਼ਿਲਕਾ ਵਿੱਚ ਮੀਟਿੰਗ ਮਗਰੋਂ ਇਹ ਐਲਾਨ ਕੀਤਾ ਹੈ। ਇਹ ਰੋਸ ਮਾਰਚ ਖ਼ਾਸ ਤੌਰ 'ਤੇ ਸੁਖਬੀਰ ਬਾਦਲ ਦੇ ਸੰਸਦੀ ਹਲਕੇ ਫ਼ਿਰੋਜ਼ਪੁਰ ਵਿੱਚ ਕੱਢਿਆ ਜਾਵੇਗਾ। ਬੀਤੀ ਅੱਠ ਮਈ ਨੂੰ ਵੀ ਬਰਗਾੜੀ ਮੋਰਚੇ ਦੇ ਆਗੂਆਂ ਨੇ ਪਿੰਡ ਬਾਦਲ ਸਥਿਤ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਵੀ ਘਿਰਾਓ ਕੀਤਾ ਸੀ।




ਮੀਟਿੰਗ ਮਗਰੋਂ ਮੰਡ ਨੇ ਕਿਹਾ ਕਿ ਆਉਣ ਵਾਲੀ 14 ਮਈ ਨੂੰ ਉਹ ਫ਼ਿਰੋਜ਼ਪੁਰ ਦੇ ਵਜੀਤਪੁਰ ਤੋਂ ਲੈਕੇ ਜਲਾਲਾਬਾਦ ਤਕ ਵੱਡਾ ਰੋਸ ਮਾਰਚ ਕੱਢਿਆ ਜਾਵੇਗਾ। ਮੰਡ ਨੇ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਬੇਅਦਬੀ ਕਾਂਡ ਦੇ ਦੋਸ਼ੀਆਂ ਬਾਰੇ ਕਾਲੀਆਂ ਝੰਡੀਆਂ ਨਾਲ ਜਾਣੂੰ ਕਰਵਾਉਣਗੇ ਤੇ ਆਪਣੇ ਰੋਸ ਪ੍ਰਗਟਾਉਣਗੇ।

ਸਬੰਧਤ ਖ਼ਬਰ- ਬਰਗਾੜੀ ਮੋਰਚੇ ਵਾਲਿਆਂ ਨੇ ਘੇਰਿਆ ਬਾਦਲਾਂ ਦਾ 'ਮਹਿਲ'

ਮੰਡ ਨੇ ਕਿਹਾ ਕਿ ਅਕਾਲੀ ਦਲ ਬਾਦਲ ਦਾ ਪੂਰਾ ਪਰਿਵਾਰ ਬੇਅਦਬੀ ਦਾ ਦੋਸ਼ੀ ਹੈ ਅਤੇ ਨਾਲ ਹੀ ਡੀਜੀਪੀ ਸੁਮੇਧ ਸੈਣੀ, ਐਕਟਰ ਅਕਸ਼ੇ ਕੁਮਾਰ ਅਤੇ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਥਾਂ ਸਿਆਸੀ ਕੁਰਸੀਆਂ ਨਹੀਂ ਬਲਕਿ ਜੇਲ੍ਹ ਹੈ।