ਅੰਮ੍ਰਿਤਸਰ: ਅੱਜ ਬਰਗਾੜੀ ਇਨਸਾਫ਼ ਮੋਰਚੇ ਦੇ ਲੀਡਰ ਸੰਗਤਾਂ ਨਾਲ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ। ਇੱਥੇ ਮੱਥਾ ਟੇਕਣ ਤੋਂ ਬਾਅਦ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ 20 ਦਸੰਬਰ ਨੂੰ ਅਗਲੀ ਮੀਟਿੰਗ ਹੋਵੇਗੀ ਜਿਸ ਵਿੱਚ ਬਰਗਾੜੀ ਮੋਰਚੇ ਤੋਂ ਬਾਅਦ ਅਗਲੀ ਰਣਨੀਤੀ ਬਾਰੇ ਵਿਚਾਰ ਕੀਤੀ ਜਾਵੇਗੀ।
ਜਥੇਦਾਰ ਮੰਡ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਸਰਕਾਰ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਨੇ ਇਹ ਮੋਰਚਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਵੀ ਛੇਤੀ ਹੀ ਹੋ ਜਾਵੇਗੀ ਜਿਨ੍ਹਾਂ ਦੀ ਲਿਸਟ ਸਰਕਾਰ ਨੂੰ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਉਹ ਤੇ ਉਨ੍ਹਾਂ ਦੇ ਸਾਥੀ ਚੈਨ ਨਾਲ ਨਹੀਂ ਬੈਠਣਗੇ। ਪੰਜਾਬ ਦੀਆਂ ਮੰਗਾਂ ਲਈ ਸਮੇਂ ਸਮੇਂ 'ਤੇ ਉਹ ਸੰਘਰਸ਼ ਕਰਦੇ ਰਹਿਣਗੇ।
ਮੰਡ ਨੇ ਕਿਹਾ ਕਿ ਬਰਗਾੜੀ ਮੋਰਚੇ ਦੀ ਸਫਲਤਾ ਦਾ ਮੁੱਖ ਕਾਰਨ ਰਿਹਾ ਕਿ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਸਹਿਯੋਗ ਦਿੱਤਾ। ਇਨ੍ਹਾਂ ਵਿੱਚ ਮੁਸਲਮਾਨ, ਹਿੰਦੂ ਤੇ ਦਲਿਤ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਲੜਦੇ ਰਹਿਣਗੇ ਤੇ ਬਰਗਾੜੀ ਮੋਰਚੇ ਦੇ ਨਾਲ ਸਿੱਖਾਂ ਦਾ ਸਿਰ ਪੂਰੀ ਦੁਨੀਆਂ ਵਿੱਚ ਉੱਚਾ ਹੋਇਆ ਹੈ।
ਇਸ ਮੌਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਇੱਥੇ ਨਾ ਆਉਣ ਬਾਰੇ ਮੰਡ ਨੇ ਕਿਹਾ ਕਿ ਦਾਦੂਵਾਲ ਅੱਜ ਦੀਵਾਨਾਂ ਵਿੱਚ ਰੁੱਝੇ ਸਨ। ਇਸ ਕਰਕੇ ਉਹ ਇੱਥੇ ਨਹੀਂ ਪੁੱਜ ਸਕੇ ਪਰ ਉਹ ਇਕੱਠੇ ਹੋ ਕੇ ਲੜਾਈ ਲੜਨਗੇ। ਅਕਾਲੀ ਦਲ ਵੱਲੋਂ ਬਰਗਾੜੀ ਮੋਰਚੇ ਦੀ ਕੀਤੀ ਜਾ ਰਹੀ ਆਲੋਚਨਾ ਬਾਰੇ ਮੰਡ ਨੇ ਕਿਹਾ ਕਿ ਅਕਾਲੀ ਦਲ ਹੁਣ ਬੀਤੇ ਸਮੇਂ ਦੀ ਗੱਲ ਹੋ ਗਈ ਹੈ।
ਬਾਦਲ ਪਰਿਵਾਰ ਵੱਲੋਂ ਕੀਤੀ ਗਈ ਸੇਵਾ ਬਾਰੇ ਮੰਡ ਨੇ ਕਿਹਾ ਕਿ ਉਹ ਸੇਵਾ ਬਾਦਲ ਪਰਿਵਾਰ ਨੇ ਕੀਤੀ ਸੀ ਨਾ ਕੇ ਅਕਾਲੀ ਦਲ ਨੇ ਅਕਾਲੀ ਦਲ ਇੱਕ ਪਵਿੱਤਰ ਜਮਾਤ ਹੈ ਪਰ ਬਾਦਲ ਪਰਿਵਾਰ ਨੇ ਇਸ ਨੂੰ ਢਾਹ ਲਾਈ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਸੇਵਾ ਨਹੀਂ ਡਰਾਮੇਬਾਜ਼ੀ ਕੀਤੀ ਹੈ। ਮੰਡ ਤੋਂ ਇਲਾਵਾ ਭਾਈ ਮੋਹਕਮ ਸਿੰਘ ਨੇ ਵੀ ਅਕਾਲੀ ਦਲ ਉੱਪਰ ਜੰਮ ਕੇ ਹਮਲੇ ਕੀਤੇ।
ਯਾਦ ਰਹੇ ਐਤਵਾਰ ਨੂੰ ਇਨਸਾਫ਼ ਮੋਰਚੇ ਦੇ ਲੀਡਰਾਂ ਨੇ ਬਰਗਾੜੀ ਵਿੱਚ ਧਰਨਾ ਖਤਮ ਕਰਦਿਆਂ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ 11 ਜਸੰਬਰ ਨੂੰ ਹੀ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਏਗਾ।