ਇਸ ਦੌਰਾਨ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਸਤਕਾਰ ਸਭਾ ਦੇ ਸੁਖਜੀਤ ਖੋਸਾ ਵਿੱਚ ਕਿਸੇ ਗੱਲ ਨੂੰ ਲੈ ਕੇ ਮਤਭੇਦ ਹੋ ਗਿਆ ਜਿਸ ਮਗਰੋਂ ਉਨ੍ਹਾਂ ਦੇ ਸਮਰਥਕ ਵੀ ਆਪਸ ਵਿੱਚ ਉਲਝ ਗਏ। ਇਸੇ ਦੌਰਾਨ ਦੋਵਾਂ ਧਿਰਾਂ ਦੇ ਸਮਰਥਕਾਂ ਨੇ ਡਾਂਗਾਂ ਨਾਲ ਇੱਕ-ਦੂਜੇ 'ਤੇ ਹਮਲਾ ਕਰ ਦਿੱਤਾ। ਕਰੀਬ ਅੱਧੀ ਦਰਜਨ ਸਮਰਥਕ ਜ਼ਖ਼ਮੀ ਹੋ ਗਏ।
ਕਰੀਬ ਸਾਢੇ ਤਿੰਨ ਤੋਂ ਲੈ ਕੇ ਸਾਢੇ 4 ਵਜੇ ਤਕ ਸਿੱਖ ਜਥੇਬੰਦੀਆਂ ਨੇ ਬਾਦਲ ਦੀ ਕੋਠੀ ਨੂੰ ਘੇਰ ਰੱਖਿਆ। ਸਰਬੱਤ ਖ਼ਾਲਸਾ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਸਿੱਖ ਨੌਜਵਾਨਾਂ ਨੇ ਬੇਅਦਬੀ ਲਈ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਦੌਰਾਨ ਬਾਦਲ ਆਪਣੇ ਘਰ ਅੰਦਰ ਹੀ ਮੌਜੂਦ ਸਨ। 4 ਵਜੇ ਉਨ੍ਹਾਂ ਪਿੰਡ ਘਮਿਆਰਾ ਤੇ ਲੌਹਾਰਾ ਵਿੱਚ ਰੈਲੀ ਕਰਨ ਜਾਣਾ ਸੀ, ਪਰ ਸਮੇਂ ਸਿਰ ਜਾ ਨਹੀਂ ਸਕੇ। ਧਰਨਾ ਹਟਣ ਪਿੱਛੋਂ ਉਹ 4:45 ਵਜੇ ਘਰੋਂ ਨਿਕਲੇ।
ਸਬੰਧਿਤ ਖ਼ਬਰ: ਬਰਗਾੜੀ ਮੋਰਚੇ ਵਾਲਿਆਂ ਨੇ ਘੇਰਿਆ ਬਾਦਲਾਂ ਦਾ 'ਮਹਿਲ'
ਦੱਸ ਦੇਈਏ ਇਹ ਵਿਰੋਧ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੇ ਆਈਜੀ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਖਿਲਾਫ ਕੀਤਾ ਜਾ ਰਿਹਾ ਸੀ। ਮੋਰਚੇ ਦੀ ਅਗਵਾਈ ਕਰ ਰਹੇ ਜਥੇਦਾਰ ਧਿਆਨ ਸਿੰਘ ਮੰਡ ਤੇ ਉਨ੍ਹਾਂ ਦੇ ਸਮਰਥਕਾਂ ਨੇ ਆਈ ਕੁੰਵਰ ਦੇ ਤਬਾਦਲੇ ਖਿਲਾਫ ਬਠਿੰਡਾ ਤੇ ਬਰਗਾੜੀ ਵਿੱਚ ਮਾਰਚ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਮਾਰਚ ਦੀ ਯੋਜਨਾ ਪਹਿਲਾਂ ਹੀ ਬਣ ਚੁੱਕੀ ਸੀ। ਰੋਸ ਮਾਰਚ ਫ਼ਰੀਦਕੋਟ ਦੇ ਬਰਗਾੜੀ ਦੇ ਗੁਰਦੁਆਰਾ ਸਾਹਿਬ ਤੋਂ "ਬਾਦਲ ਹਰਾਓ, ਪੰਜਾਬ ਬਚਾਓ" ਨਾਂ ਤਹਿਤ ਕੱਢਿਆ ਗਿਆ।