ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਬਰਗਾੜੀ ਇਨਸਾਫ ਮੋਰਚਾ ਖਤਮ ਕਰ ਦਿੱਤਾ ਗਿਆ ਹੈ ਪਰ ਸੰਘਰਸ਼ ਜਾਰੀ ਰਹੇਗਾ। ਇਸ ਬਾਰੇ ਨਵੀਂ ਰੂਪ ਰੇਖਾ ਦਾ ਐਲਾਨ 11 ਦਸੰਬਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੋਏਗਾ। ਇਹ ਐਲਾਨ ਜਥੇਦਾਰ ਧਿਆਨ ਸਿੰਘ ਮੰਡ ਨੇ ਕੀਤਾ। ਉਨ੍ਹਾਂ ਕਿਹਾ ਕਿ ਭਲਕੇ ਸੰਗਤਾਂ ਬਰਗਾੜੀ ਪਹੁੰਚਣ। ਇੱਥੋਂ ਸੋਮਵਾਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਰਵਾਨਾ ਹੋਇਆ ਜਾਏਗਾ। ਮੱਥਾ ਟੇਕਣ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਏਗਾ।


ਦਰਅਸਲ ਅੱਜ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਵਫਦ ਨੇ ਬਰਗਾੜੀ ਮੋਰਚਾ ਵਿੱਚ ਪਹੁੰਚ ਕੇ ਭਰੋਸਾ ਦੁਆਇਆ ਕਿ ਸਿੱਖ ਸੰਗਤ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ। ਇਸ ਮਗਰੋਂ ਸੰਗਤਾਂ ਵਿੱਚ ਕਾਂਗਰਸ ਪ੍ਰਤੀ ਰੋਸ ਵੇਖਣ ਨੂੰ ਮਿਲਿਆ। ਸੰਗਤਾਂ ਨੇ ਲਗਤਾਰ ਬਾਦਲਾਂ ਨੂੰ ਜੇਲ੍ਹ ਵਿੱਚ ਬੰਦ ਕਰਨ ਦੇ ਨਾਅਹੇ ਲਾਏ। ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਭਾਸ਼ਨ ਤੋਂ ਬਾਅਦ ਸੰਗਤਾਂ ਨੇ ਹੱਥ ਖੜ੍ਹੇ ਕਰਕੇ ਵਿਰੋਧ ਕੀਤਾ। ਵੱਡੀ ਗਿਣਤੀ ਸੰਗਤਾਂ ਪੰਡਾਲ ਤੋਂ ਬਾਹਰ ਜਾਣ ਲੱਗੀਆਂ। ਪ੍ਰਬੰਧਕਾਂ ਵੱਲੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਸਟੇਜ ਤੋਂ ਵਾਰ-ਵਾਰ ਉਨ੍ਹਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ।

ਇਸ ਮਗਰੋਂ ਬਰਗਾੜੀ ਇਨਸਾਫ ਮੋਰਚਾ ਦੇ ਲੀਡਰਾਂ ਵੀ ਦੁਚਿੱਤੀ ਵਿੱਚ ਘਿਰੇ ਨਜ਼ਰ ਆਏ। ਆਖਰ ਵਿੱਚ ਜਥੇਦਾਰ ਮੰਡ ਨੇ ਐਲਾਨ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ। ਇਸ ਦੀ ਅਗਲੀ ਰੂਪ-ਰੇਖਾ ਜਲਦ ਐਲਾਨੀ ਜਾਏਗੀ। ਇਸ ਤਰ੍ਹਾਂ ਲੀਡਰਾਂ ਨੇ ਗੋਲਮੋਲ ਢੰਗ ਨਾਲ ਮੋਰਚਾ ਖਤਮ ਕਰ ਦਿੱਤਾ ਪਰ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ।

ਇਸ ਤੋਂ ਪਹਿਲਾਂ ਅੱਜ ਸਵੇਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਰਗਾੜੀ ਇਨਸਾਫ਼ ਮੋਰਚੇ ਵਿੱਚ ਪਹੁੰਚੀ ਸੰਗਤ ਨੂੰ ਜਿੱਥੇ ਕਾਂਗਰਸੀ ਵਫਦ ਨੇ ਬੇਅਦਬੀ ਮਾਮਲਿਆਂ ਵਿੱਚ ਹੁਣ ਤੱਕ ਕੀਤੀ ਕਾਰਵਾਈ ਤੋਂ ਜਾਣੂ ਕਰਵਾਇਆ, ਉੱਥੇ ਭਰੋਸਾ ਦੁਆਇਆ ਕਿ ਜਲਦ ਹੀ ਸਜ਼ਾ ਭੁਗਤ ਚੁੱਕੇ ਸਿੱਖਾਂ ਦੀ ਰਿਹਾਈ ਤੇ ਹੋਰ ਮੰਗਾਂ ਪੂਰੀਆਂ ਹੋ ਜਾਣਗੀਆਂ। ਇਸ ਤੋਂ ਸੰਗਤਾਂ ਸੰਤੁਸ਼ਟ ਨਜ਼ਰ ਨਹੀਂ ਆਈਆਂ।

ਪੰਡਾਲ ਵਿੱਚੋਂ ਆਵਾਜ਼ਾਂ ਆ ਰਹੀਆਂ ਸੀ ਕਿ ਬਾਦਲਾਂ ਨੂੰ ਜੇਲ੍ਹ ਵਿੱਚ ਭੇਜਿਆ ਜਾਵੇ। ਬੇਸ਼ੱਕ ਮੰਤਰੀਆਂ ਨੇ ਭਰੋਸਾ ਦੁਆਇਆ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਪਰ ਸੰਗਤ ਵਿੱਚ ਵੱਡਾ ਰੋਸ ਵੇਖਿਆ ਗਿਆ। ਇਸ ਕਰਕੇ ਮੋਰਚਾ ਦੇ ਲੀਡਰ ਵੀ ਦੋਚਿੱਤੀ ਵਿੱਚ ਫਸੇ ਨਜ਼ਰ ਆਏ। ਅੰਤ ਵਿੱਚ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ ਬਰਗਾੜੀ ਤੋਂ ਮੋਰਚਾ ਉਠਾ ਲਿਆ ਗਿਆ। 11 ਦਸੰਬਰ ਨੂੰ ਸੰਗਤਾਂ ਦਾ ਸਨਮਾਣ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਚਾਲੇ ਪਾਏ ਜਾਣਗੇ।