ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੀ ਗਰਮ ਖਿਆਲੀ ਲੀਡਰਾਂ ਨਾਲ ਨੇੜਤਾ ਬਾਰੇ ਨਵੀਂ ਚਰਚਾ ਛਿੜ ਗਈ ਹੈ। ਵਿਰੋਧੀ ਧਿਰਾਂ ਉਨ੍ਹਾਂ ਉੱਪਰ ਖਾਲਿਸਤਾਨੀ ਮੋਹਰ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਮਾਮਲਾ ਸੋਸ਼ਲ ਮੀਡੀਆ ਉੱਪਰ ਵੀ ਛਾਇਆ ਹੋਇਆ ਹੈ। ਕੁਝ ਲੋਕ ਇਸ ਨੂੰ ਸਹੀ ਮੰਨ ਰਹੇ ਹਨ ਤੇ ਕੁਝ ਵਿਰੋਧ ਕਰ ਰਹੇ ਹਨ। ਖਹਿਰਾ ਧੜੇ ਵੱਲੋਂ ਬਰਗਾੜੀ ਮੋਰਚਾ ਨਾਲ ਖੜ੍ਹੇ ਹੋਣ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਸਣੇ ਵਿਰੋਧੀਆਂ ਨੇ ਕਈ ਸਵਾਲ ਖੜ੍ਹੇ ਕੀਤੇ ਸੀ।

ਦਰਅਸਲ ਸੁਖਪਾਲ ਖਹਿਰਾ ਵੱਲੋਂ ਤਲਵੰਡੀ ਸਾਬੋ ਤੋਂ ਸ਼ੁਰੂ ਇਨਸਾਫ਼ ਮਾਰਚ ਨੂੰ ਗਰਮ ਖਿਆਲੀ ਧੜੇ ਦਲ ਖਾਲਸਾ ਤੇ ਯੂਨਾਈਟਿਡ ਅਕਾਲੀ ਦਲ ਨੇ ਹਮਾਇਤ ਦਿੱਤੀ ਹੈ। ਸ਼ਨੀਵਾਰ ਨੂੰ ਸਾਬਕਾ ਖ਼ਾਲਿਸਤਾਨੀ ਲੀਡਰ ਵੱਸਣ ਸਿੰਘ ਜ਼ੱਫਰਵਾਲ ਵੀ ਇਨਸਾਫ਼ ਮਾਰਚ 'ਚ ਪਹੁੰਚੇ। ਜ਼ੱਫਰਵਾਲ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਸੁਖਪਾਲ ਖਹਿਰਾ ਦੀ ਅਗਵਾਈ ਹੇਠਲੇ ਧੜੇ ਦੀ ਹਮਾਇਤ ਦਾ ਐਲਾਨ ਕੀਤਾ ਸੀ।

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬਾਗੀ ਸਪਸ਼ਟ ਬੋਲਣ ਦੀ ਬਜਾਏ ਆਪਣਾ ਬਚਾਅ ਕਰਦੇ ਨਜ਼ਰ ਆਉਂਦੇ ਹਨ। ਇਸ ਬਾਰੇ ਪਟਿਆਲਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਬਾਗੀ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਕਾਨਫਰੰਸ ਵਿੱਚ ਨਾ ਕਿਸੇ ਨੇ ਸਾਬਕਾ ਖਾੜਕੂ ਵੱਸਣ ਸਿੰਘ ਜ਼ਫਰਵਾਲ ਦਾ ਨਾਂ ਸਟੇਜ ਤੋਂ ਬੋਲਿਆ ਸੀ ਤੇ ਨਾ ਹੀ ਉਹ ਕਾਨਫਰੰਸ ਵਿੱਚ ਦਿਖਾਈ ਦਿੱਤੇ।

ਦਮਦਮੀ ਟਕਸਾਲ ਦੇ ਆਗੂ ਮੋਹਕਮ ਸਿੰਘ ਤੇ ਯੂਨਾਈਟਿਡ ਅਕਾਲੀ ਦਲ ਨਾਲ ਨੇੜਤਾ ਬਾਰੇ ਉਨ੍ਹਾਂ ਕਿਹਾ ਕਿ ਸਾਡਾ ਏਜੰਡਾ ਪੰਜਾਬ ਲਈ ਖ਼ੁਦਮੁਖਤਾਰੀ ਹਾਸਲ ਕਰਨ ਦਾ ਹੈ। ਇਸ ਤੋਂ ਬਿਨਾਂ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ ਜਾ ਸਕਦੇ। ਸੱਤਰ ਸਾਲਾਂ ਵਿਚ ਪੰਜਾਬ ਦੇ ਅਧਿਕਾਰਾਂ ਉੱਤੇ ਛਾਪੇ ਪੈਂਦੇ ਰਹੇ ਹਨ ਤੇ ਇਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ ਹਨ। ਅਸੀਂ ਤਾਂ ਵੱਧ ਅਧਿਕਾਰਾਂ ਦੇ ਮੁੱਦੇ ਉੱਤੇ ਕੇਂਦਰ ਨੂੰ ਵੰਗਾਰਨਾ ਹੈ ਤੇ ਵੱਧ ਅਧਿਕਾਰ ਲੈਣੇ ਹਨ।

'ਆਪ' ਦੇ ਬਾਗ਼ੀ ਵਿਧਾਇਕ ਕੰਵਰ ਸੰਧੂ ਨੇ ਦੱਸਿਆ ਕਿ ਉਨ੍ਹਾਂ ਕਿਸੇ ਪਾਰਟੀ ਜਾਂ ਜਥੇਬੰਦੀ ਨੂੰ ਉਚੇਚਾ ਸੱਦਾ ਨਹੀਂ ਦਿੱਤਾ ਪਰ ਜੋ ਕੋਈ ਵੀ ਕਿਸਾਨਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਦੀਆਂ ਮੰਗਾਂ ਤੇ ਬੇਅਦਬੀ ਦੀਆਂ ਘਟਨਾਵਾਂ ਵਿੱਚ ਪੁਲਿਸ ਗੋਲੀਬਾਰੀ ਦੇ ਕੇਸਾਂ ਵਿੱਚ ਇਨਸਾਫ਼ ਦੀਆਂ ਮੰਗਾਂ ਦੀ ਹਮਾਇਤ ਕਰਦੇ ਹਨਸ ਉਨ੍ਹਾਂ ਦਾ ਮਾਰਚ ਵਿੱਚ ਸੁਆਗਤ ਹੈ। ਉਂਜ ਉਨ੍ਹਾਂ ਸਪੱਸ਼ਟ ਕੀਤਾ ਕਿ ਮਾਰਚ ਦੀ ਸ਼ੁਰੂਆਤ ਵੇਲੇ ਕੇਵਲ ਭਾਈ ਮੋਹਕਮ ਸਿੰਘ ਨੇ ਹੀ ਸੰਬੋਧਨ ਕੀਤਾ ਸੀ।

ਉਧਰ, ਜ਼ੱਫਰਵਾਲ ਨੇ ਕਿਹਾ ਕਿ ਉਹ ਹੁਣ ਖ਼ਾਲਿਸਤਾਨ ਜਾਂ ਵੱਖਰੇ ਰਾਜ ਦੀ ਮੰਗ ਨਹੀਂ ਕਰਦੇ। ਖ਼ਾਲਿਸਤਾਨ ਦੀ ਲਹਿਰ ਦੇ ਉਹ ਦਿਨ ਹੁਣ ਨਹੀਂ ਰਹੇ। ਅੱਜ ਦੇ ਪੰਜਾਬ ਦੀ ਇਹ ਮੰਗ ਨਹੀਂ। ਅੱਜ ਪੰਜਾਬ ਨੂੰ ਨਸ਼ਿਆਂ ਦੀ ਅਲਾਮਤ, ਬੇਰੁਜ਼ਗਾਰੀ, ਖੇਤੀ ਸੰਕਟ ਤੇ ਲੋਕਾਂ ਤੇ ਸੂਬੇ ਦੀ ਡਿਗਦੀ ਸਿਹਤ ਜਿਹੇ ਮੁੱਦਿਆਂ ਨੇ ਗ੍ਰਸਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਇਨਸਾਫ਼ ਮਾਰਚ ਵਿੱਚ ਇਸ ਲਈ ਸ਼ਾਮਲ ਹੋਇਆ ਕਿਉਂਕਿ ਇਸ ਦੇ ਆਗੂ ਇਹ ਮੁੱਦੇ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ਼ ਸਾਰੇ ਕੇਸ 2006-07 ਵਿੱਚ ਹੀ ਖਤਮ ਹੋ ਗਏ ਸਨ। ਯੂਨਾਈਟਿਡ ਅਕਾਲੀ ਦਲ ਦੇ ਤਰਜਮਾਨ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਪਾਰਟੀ ਖ਼ਾਲਿਸਤਾਨ ਦੀ ਮੰਗ ਦੀ ਹਮਾਇਤ ਨਹੀਂ ਕਰਦੀ। ਸਗੋਂ ਅਸੀਂ ਭਾਰਤੀ ਸੰਵਿਧਾਨ ਤਹਿਤ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਮੁਦਈ ਹਾਂ।