ਬਰਨਾਲਾ: ਦਸ ਸਾਲ ਤੋਂ ਬੰਦ ਪਏ ਹਸਪਤਾਲ ਵਿੱਚ ਭਰੂਣ ਦਾ ਲਿੰਗ ਟੈਸਟ ਕੀਤਾ ਜਾਂਦਾ ਸੀ। ਹਰਿਆਣਾ ਸਿਹਤ ਵਿਭਾਗ, ਸੀਆਈਏ ਤੇ ਬਰਨਾਲਾ ਪੁਲਿਸ ਦੀ ਟੀਮ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਛਾਪਾ ਮਾਰ ਕੇ ਇਸ ਦਾ ਭਾਂਡਾ ਭੰਨ੍ਹਿਆ ਹੈ। ਇਸ ਮੌਕੇ ਟੀਮਾਂ ਵੱਲੋਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


 

 

ਸਿਹਤ ਵਿਭਾਗ ਹਰਿਆਣਾ (ਸਿਰਸਾ) ਤੋਂ ਛਾਪਾ ਮਾਰਨ ਆਈ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਰਸਾ ਦਾ ਦਲਾਲ ਹਰਿਆਣਾ ਤੋਂ ਪੰਜਾਬ ਵਿੱਚ ਆ ਕੇ ਲਿੰਗ ਨਿਰਧਾਰਣ ਟੈਸਟ ਕਰਵਾਉਂਦਾ ਹੈ। ਇਸ ਸੂਚਨਾ 'ਤੇ ਟੀਮਾਂ ਬਣਾ ਕੇ ਛਾਪਾ ਮਾਰਿਆ ਗਿਆ ਤੇ ਮੌਕੇ ਤੋਂ ਗੁਰਮੇਲ ਕੌਰ ਤੇ ਤਿੰਨ ਹੋਰਾਂ ਨੂੰ ਗ੍ਰਿਫਤਾਰ ਗਿਆ ਹੈ। ਦਲਾਲ ਰਾਮ ਦਾਸ ਦੀ ਨਿਸ਼ਾਨਦੇਹੀ 'ਤੇ ਇਹ ਐਕਸ਼ਨ ਕੀਤਾ ਗਿਆ।

 

 

ਉਨ੍ਹਾਂ ਦੱਸਿਆ ਕਿ ਗੁਰਮੇਲ ਕੌਰ ਅੱਠਵੀਂ ਪਾਸ ਹੈ। ਮੁਲਜ਼ਮਾਂ ਨੇ ਕਿਹਾ ਕਿ ਉਹ ਦੋ ਮਹੀਨੇ ਤੋਂ ਇਹ ਕੰਮ ਕਰ ਰਹੇ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬਰਨਾਲਾ ਦੇ ਥਾਣਾ ਸਿਟੀ ਤੋਂ ਕੁਝ ਗਜ ਦੀ ਦੂਰੀ 'ਤੇ ਹੀ ਇਹ ਧੰਦਾ ਚੱਲ ਰਿਹਾ ਹੈ।

 

 

ਇਸ ਹਸਪਤਾਲ 10 ਸਾਲਾਂ ਤੋਂ ਬੰਦ ਸੀ। ਮਾਲਕ ਡਾਕਟਰ ਵਿਦੇਸ਼ ਰਹਿ ਰਹੇ ਹਨ। ਗੁਰਮੇਲ ਕੌਰ ਕੋਲ ਹਸਪਤਾਲ ਦੀਆਂ ਚਾਬੀਆਂ ਸਨ। ਮਸ਼ੀਨ ਦੀਆਂ ਸੀਲਾਂ ਤੋੜ ਕੇ ਬਿਨਾਂ ਅਲਟਰਾ ਸਾਊਂਡ ਕਰੇ ਹੀ ਮਸ਼ੀਨ ਚਲਾ ਕੇ ਗਾਹਕ ਤੋਂ ਦੋ ਹਜ਼ਾਰ ਰੁਪਇਆ ਲਿਆ ਜਾਂਦਾ ਸੀ। ਇਸ ਬਾਰੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਕਿਹਾ ਜਾਵੇਗਾ।