ਬਰਨਾਲਾ: ਕਿਸਾਨ ਅੰਦੋਲਨ ਦੌਰਾਨ ਬਰਨਾਲਾ ਦੇ ਪਿੰਡ ਰਾਜੀਆ ਦੇ ਕਿਸਾਨ ਸੁਖਦੇਵ ਸਿੰਘ ਦੀ ਮੌਤ ਹੋ ਗਈ। ਲਗਾਤਾਰ ਦੋ ਮਹੀਨੇ ਦਿੱਲੀ ਬਾਰਡਰ ’ਤੇ ਸੰਘਰਸ਼ ਦੌਰਾਨ ਸੁਖਦੇਵ ਸਿੰਘ ਨੂੰ ਅਧਰੰਗ ਦਾ ਦੌਰਾ ਪਿਆ ਸੀ। ਜਿਸ ਮਗਰੋਂ ਲੰਬੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਕਿਸਾਨ ਜਥੇਬੰਦੀਆਂ ਨੇ ਮ੍ਰਿਤਕ ਕਿਸਾਨ ਨੂੰ ਅੰਦੋਲਨ ਦਾ ਸ਼ਹੀਦ ਐਲਾਨਿਆ।


ਇਸ ਤੋਂ ਬਾਅਦ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 5 ਲੱਖ ਮੁਆਵਜ਼ਾ ਰਾਸ਼ੀ, ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਾਰੀ ਕਰਜ਼ਮਾਫ਼ੀ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਕਿਸਾਨ ਜੱਥੇਬੰਦੀਆਂ ਨੇ ਪੱਕਾ ਮੋਰਚਾ ਲਾ ਦਿੱਤਾ ਹੈ। ਕਿਸਾਨਾਂ ਨੇ ਤਿੰਨੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਲੜਨ ਦਾ ਐਲਾਨ ਕੀਤਾ ਹੈ।


ਇਸ ਸਬੰਧੀ ਕਿਸਾਨ ਆਗੂਆਂ ਨੇ ਦੱਸਿਆ ਕਿ 26 ਨਵੰਬਰ ਤੋਂ ਮ੍ਰਿਤਕ ਕਿਸਾਨ ਸੁਖਦੇਵ ਸਿੰਘ ਦਿੱਲੀ ਮੋਰਚੇ ਵਿੱਚ ਡਟਿਆ ਹੋਇਆ ਸੀ, ਜਿੱਥੇ ਉਸਨੂੰ ਅਧਰੰਗ ਦਾ ਅਟੈਕ ਆ ਗਿਆ ਅਤੇ ਉਸਦੀ ਹਾਲਤ ਬਿਗੜ ਗਈ। ਜਿਸ ਤੋਂ ਬਾਅਦ ਉਸਨੂੰ ਬਠਿੰਡਾ ਵਿਖੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਕਿਸਾਨ ਦੀ ਇਸ ਹਾਲਤ ਸਬੰਧੀ ਜ਼ਿਲਾ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਸੀ ਅਤੇ ਕਿਸਾਨ ਦੇ ਇਲਾਜ਼ ਲਈ ਸਰਕਾਰ ਤੋਂ ਮੰਗ ਕੀਤੀ ਸੀ।


ਸਰਕਾਰ ਨੇ ਕਿਸਾਨ ਦੇ ਇਲਾਜ਼ ਲਈ ਕੋਈ ਮਦਦ ਨਹੀਂ ਕੀਤੀ, ਜਦਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਰੂਰ ਕਿਸਾਨ ਦੇ ਇਲਾਜ਼ ਲਈ ਮਦਦ ਕੀਤੀ ਗਈ। ਪਰ ਇਲਾਜ਼ ਦੌਰਾਨ ਕਿਸਾਨ ਸੁਖਦੇਵ ਸਿੰਘ ਦੀ ਮੌਤ ਹੋ ਗਈ। ਜਿਸ ਕਰਕੇ ਕਿਸਾਨ ਜੱਥੇਬੰਦੀਆਂ ਵੱਲੋਂ ਸੁਖਦੇਵ ਸਿੰਘ ਨੂੰ ਕਿਸਾਨ ਅੰਦੋਲਨ ਦੇ ਸ਼ਹੀਦ ਦਾ ਦਰਜ਼ਾ ਦਿੱਤਾ ਗਿਆ ਹੈ।


ਮ੍ਰਿਤਕ ਦਾ ਪਰਿਵਾਰ ਛੋਟੀ ਖੇਤੀ ਵਾਲਾ ਹੈ। ਜਿਸ ਕਰਕੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ 5 ਲੱਖ ਮੁਆਵਜ਼ਾ ਰਾਸ਼ੀ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਾਰੀ ਕਰਜ਼ਾਮਾਫ਼ੀ ਦੀ ਮੰਗ ਕੀਤੀ ਗਈ ਹੈ। ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਇਹਨਾਂ ਮੰਗਾਂ ਨੂੰ ਮੰਨਣ ਤੋਂ ਇਨਕਾਰੀ ਹੋ ਰਿਹਾ ਹੈ। ਜਿਸ ਕਰਕੇ ਜੱਥੇਬੰਦੀਆਂ ਵਲੋਂ ਪੱਕਾ ਮੋਰਚਾ ਡੀਸੀ ਦਫ਼ਤਰ ਬਰਨਾਲਾ ਅੱਗੇ ਦਿਨ ਰਾਤ ਦਾ ਲਗਾ ਦਿੱਤਾ ਹੈ। ਜਿਹਨਾਂ ਸਮਾਂ ਇਹ ਤਿੰਨੇ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਨਾਂ ਸਮਾਂ ਸੰਘਰਸ਼ ਜਾਰੀ ਰਹੇਗਾ।