ਗੁਰਦਸਾਪੁਰ: ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਜਿਸ ਨੂੰ ਰੱਬੀ ਮਾਰ ਪਈ ਹੋਵੇ ਉਨ੍ਹਾਂ ਉੱਪਰ ਲੋਕ ਤਰਸ ਖਾ ਕੇ ਉਨ੍ਹਾਂ ਦੀ ਮਦਦ ਕਰਨ ਨੂੰ ਹਮੇਸ਼ਾ ਹੀ ਤਿਆਰ ਰਹਿੰਦੇ ਹਨ। ਜ਼ਿਆਦਾਤਰ ਕਈ ਲੋਕ ਇਸ ਦਾ ਫਾਇਦਾ ਚੁਕਦੇ ਹਨ ਅਤੇ ਅਪਾਹਜ ਹੋਣ ਦਾ ਬਹਾਨਾ ਬਣ ਕੇ ਭੀਖ ਮੰਗਣੀ ਸ਼ੁਰੂ ਕਰ ਦਿੰਦੇ ਹਨ। ਉੱਥੇ ਹੀ ਸਰੀਰ ਵਿੱਚ ਕੁਦਰਤੀ ਖਾਮੀਆਂ ਹੋਣ ਦੇ ਬਾਵਜੂਦ ਕੁੱਝ ਲੋਕ ਜ਼ਮੀਰ ਦੇ ਧਨੀ ਹੁੰਦੇ ਹਨ ਅਤੇ ਸਰੀਰ ਵਿੱਚ ਕੁਦਰਤੀ ਖਾਮੀ ਹੋਣ ਦੇ ਬਾਵਜੂਦ ਵੀ ਕਿਸੇ ਦੇ ਤਰਸ ਦਾ ਮੋਹਤਾਜ ਨਹੀਂ ਬਣਦੇ। ਸਗੋਂ ਆਪਣੇ ਅੰਦਰ ਦੀਆਂ ਰੱਬ ਵੱਲੋਂ ਮਿਲੀਆਂ ਖੂਬੀਆਂ ਨੂੰ ਪਛਾਣ ਕੇ ਆਪਣੀ ਖੂਬੀ ਨੂੰ ਹੀ ਰੋਟੀ-ਰੋਜ਼ੀ ਕਮਾਉਣ ਦਾ ਜਰੀਆ ਬਣਾਉਂਦੇ ਹਨ। 


ਅਜਿਹਾ ਹੀ ਇਕ ਗੁਰਸਿੱਖ ਜੋੜਾ ਗੁਰਦਾਸਪੁਰ ਦੇ ਪਿੰਡ ਗਾਹਲੜੀ ਦਾ ਰਹਿਣ ਵਾਲਾ ਹੈ। ਜਨਮ ਤੋਂ ਹੀ ਨੇਤਰਹੀਣ ਹੋਣ ਦੇ ਬਾਵਜੂਦ ਇਨ੍ਹਾਂ ਨੇ ਕੀਰਤਨ ਸਿੱਖਿਆ, ਤਬਲਾ ਸਿੱਖਿਆ ਅਤੇ ਹਾਰਮੋਨੀਅਮ ਦੀ ਵਿੱਦਿਆ ਹਾਸਲ ਕੀਤੀ ਅਤੇ ਅੱਜ ਆਪਣੀ ਇਸ ਕਲਾਂ ਰਹੀ ਗੁਰਸਿੱਖ ਪਤੀ-ਪਤਨੀ ਗੁਰੂ ਘਰ ਅਤੇ ਧਾਰਮਿਕ ਸਮਾਗਮਾਂ ਵਿਚ ਕੀਰਤਨ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ


ਇਸ ਸਬੰਧੀ ਜਾਣਕਾਰੀ ਦਿੰਦਿਆਂ ਨੇਤਰਹੀਣ ਆਸਾ ਸਿੰਘ ਅਤੇ ਉਸਦੀ ਪਤਨੀ ਨੀਲਮ ਕੌਰ ਨੇ ਦੱਸਿਆ ਕਿ ਉਹ ਬਚਨਪ ਤੋਂ ਹੀ ਨੇਤਰਹੀਣ ਹਨ ਅਤੇ ਦੋਨਾਂ ਨੇ ਬਚਪਨ ਵਿੱਚ ਹੀ ਕੀਰਤਨ ਕਰਨਾ ਸਿੱਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਸਮਾਗਮਾਂ ਵਿਚ ਕੀਰਤਨ ਕਰਦੇ ਸਨ। ਫਿਰ ਦੋਨਾਂ ਦਾ ਵਿਆਹ ਹੋ ਗਿਆ ਉਸ ਸਮੇਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਰ ਦੋਵਾਂ ਨੇ ਫ਼ੈਸਲਾ ਕੀਤਾ ਕਿ ਉਹ ਦੋਵੇਂ ਕੀਰਤਨ ਕਰਦੇ ਹਨ ਅਤੇ ਆਸਾ ਸਿੰਘ ਨੂੰ ਤਬਲੇ ਦੀ ਵਿੱਦਿਆ ਹਾਸਲ ਹੈ ਅਤੇ ਨੀਲਮ ਕੌਰ ਹਾਰਮੋਨੀਅਮ ਜਾਣਦੀ ਹੈ। ਦੋਵਾਂ ਨੇ ਪਿੰਡ ਦੇ ਗੁਰੂਦੁਆਰਾ ਗਾਹਲੜੀ ਸਾਹਿਬ ਵਿੱਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਿਛਲੇ 10 ਸਾਲਾਂ ਤੋਂ ਕੀਰਤਨ ਕਰ ਰਹੇ ਹਨ ਅਤੇ ਪਿੰਡ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਵੀ ਆਪਣੀ ਹਾਜ਼ਰੀ ਲਵਾਉਂਦੇ ਹਨ।


ਸੰਗਤਾਂ ਵੱਲੋਂ ਜੋ ਭੇਟਾਂ ਮਿਲਦੀ ਹੈ ਉਸ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਪਰ ਕਿਸੇ ਅੱਗੇ ਹੱਥ ਨਹੀਂ ਅੱਡਦੇ। ਉਨ੍ਹਾਂ ਨੇ ਭੀਖ ਮੰਗਣ ਵਾਲਿਆ ਨੂੰ ਨਸੀਹਤ ਦਿੱਤੀ ਹੈ ਕਿ ਸਾਨੂੰ ਹਮੇਸ਼ਾ ਕਿਰਤ ਕਰਕੇ ਰੋਟੀ ਖਾਣੀ ਚਾਹੀਦੀ ਹੈ ਨਾਲ ਉਨ੍ਹਾਂ ਨੇ ਸਰਕਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਥੋੜੀ ਬਹੁਤ ਮਾਲੀ ਸਹਾਇਤਾ ਕੀਤੀ ਜਾਵੇ।