ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਰਨਾਲਾ ਇਕਾਈ ਨੇ ਸਥਾਨਕ ਅਨਾਜ ਮੰਡੀ ਸਥਿਤ ਸਟੇਟ ਬੈਂਕ ਅੱਗੇ ਪੰਜ ਰੋਜ਼ਾ ਧਰਨਾ ਸ਼ੁਰੂ ਕਰ ਦਿੱਤਾ ਹੈ। ਯੂਨੀਅਨ ਵੱਲੋਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪੂਰਨ ਤੌਰ ’ਤੇ ਬੈਂਕਾਂ, ਸੁਸਾਇਟੀ ਜਾਂ ਆੜ੍ਹਤੀਆਂ ਦੇ ਕਰਜ਼ੇ ਮੁਆਫ਼ ਕਰਵਾਉਣ ਤੇ ਬੇਰੁਜ਼ਗਾਰੀ ਦੀ ਸਮੱਸਿਆ ਖ਼ਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਮੀਡੀਆ ਨਾਲ ਗੱਲ ਕਰਦਿਆਂ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਚੋਣਾਂ ਵੇਲੇ ਕੈਪਟਨ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ੍ਹ ਕੇ ਹਫ਼ਤੇ ਅੰਦਰ ਨਸ਼ਾ ਖ਼ਤਮ ਕਰਨ ਦੀ ਸਹੁੰ ਖਾਧੀ ਸੀ ਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਮੁਕੰਮਲ ਕਰਜ਼ੇ ਮੁਆਪ ਕਰਨ ਦਾ ਵਾਅਦਾ ਕੀਤਾ ਸੀ। ਅੱਜ ਕੈਪਟਨ ਸਰਕਾਰ ਨੂੰ ਦੋ ਸਾਲ ਹੋ ਗਏ ਪਰ ਅਜੇ ਤਕ ਪੰਜਾਬ ਅੰਦਰ ਨਸ਼ਾ ਵੀ ਵਿਕ ਰਿਹਾ ਹੈ ਤੇ ਕਰਜ਼ੇ ਵੀ ਮੁਆਫ਼ ਨਹੀਂ ਹੋਏ।

ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਕੈਪਟਨ ਸਰਕਾਰ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਮੁਕੰਮਲ ਕਰਜ਼ਾ ਮੁਆਫ਼ ਨਾ ਕੀਤਾ ਤਾਂ ਉਹ ਵੱਡਾ ਸੰਘਰਸ਼ ਵਿੱਢਣਗੇ। ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਿਹਾ ਕਿ ਮੋਦੀ ਤੋਂ ਪਹਿਲਾਂ ਉਹ ਆਪਣੀ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਕਰਜ਼ ਮੁਆਫ਼ੀ ਵੱਲ ਧਿਆਨ ਦੇਣ ਲਈ ਕਹਿਣ ਜੋ ਉਨ੍ਹਾਂ ਦਾ ਮੁੱਖ ਚੁਣਾਵੀ ਮੁੱਦਾ ਸੀ। ਜ਼ਿਕਰਯੋਗ ਹੈ ਕਿ ਜਾਖੜ ਨੇ ਕਿਹਾ ਸੀ ਕਿ ਮੋਦੀ ਸਰਕਾਰ ਕਿਸਾਨਾਂ ਦੀ ਕਰਜ ਮੁਆਫ਼ੀ ਪ੍ਰਤੀ ਗੰਭੀਰ ਨਹੀਂ ਹੈ।