ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਤੋਂ ਖਫਾ ਹਨ ਅਜਿਹੇ 'ਚ ਹੁਣ ਪਾਵਰ ਕੱਟ ਨੂੰ ਲੈਕੇ ਬਰਨਾਲਾ 'ਚ ਕਿਸਾਨ ਬਿਜਲੀ ਗ੍ਰਿਡ ਦਫਤਰ ਦੇ ਬਾਹਰ ਧਰਨ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹਨ। ਦਰਅਸਲ ਖੇਤੀ ਸੈਕਟਰ ਲਈ ਸਹੀ ਬਿਜਲੀ ਸਪਲਾਈ ਨਾ ਦਿੱਤੇ ਜਾਣ ਦੇ ਰੋਸ 'ਚ ਕਿਸਾਨਾਂ ਵੱਲੋਂ ਦੇਰ ਸ਼ਾਮ ਮੋਗਾ ਨੈਸ਼ਨਲ ਹਾਈਵੇਅ ਜਾਮ ਕਰਕੇ ਧਰਨਾ ਲਾ ਦਿੱਤਾ ਗਿਆ।
ਬਰਨਾਲਾ ਜ਼ਿਲ੍ਹੇ ਦੇ ਪੰਜ ਪਿੰਡਾਂ ਦੇ ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਪਹਿਲੀ ਅਕਤੂਬਰ ਤੋਂ ਪਾਵਰਕੌਮ ਨੇ ਬਿਜਲੀ ਦੀ ਸਪਲਾਈ ਦੋ ਸ਼ਿਫਟਾਂ 'ਚ 10-10 ਘੰਟੇ ਦੇਣੀ ਸ਼ੁਰੂ ਕੀਤੀ ਹੈ। ਪਰ ਉਨ੍ਹਾਂ ਨੂੰ 10 ਘੰਟਿਆਂ 'ਚੋਂ ਸਿਰਫ ਦੋ ਘੰਟੇ ਹੀ ਬਿਜਲੀ ਸਪਲਾਈ ਮਿਲ ਰਹੀ ਹੈ ਤੇ 8 ਘੰਟੇ ਪਾਵਰ ਕੱਟ ਲਾਏ ਜਾ ਰਹੇ ਹਨ।
ਬਿਜਲੀ ਵਿਭਾਗ ਦੇ ਐਕਸੀਐਨ ਅਤੇ ਐਸਡੀਓ ਵੱਲੋਂ ਕੋਈ ਸੁਣਵਾਈ ਨਾ ਹੋਣ ਤੋਂ ਨਿਰਾਸ਼ ਕਿਸਾਨਾਂ ਨੂੰ ਆਖਿਰ ਧਰਨਾ ਪ੍ਰਦਰਸ਼ਨ ਦਾ ਰਾਹ ਚੁਣਨਾ ਪਿਆ। ਕਿਸਾਨਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਪਹਿਲੀ ਅਕਤੂਬਰ ਤੋਂ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਰੇਲ ਰੋਕੋ ਅੰਦੋਲਨ ਕਰ ਰਹੀਆਂ ਹਨ। ਜਿਸ ਦੇ ਚੱਲਦਿਆਂ ਕੇਂਦਰ ਤੇ ਪੰਜਾਬ ਸਰਕਾਰ ਧਰਨਾ ਪ੍ਰਦਰਸ਼ਨ ਖਤਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਖਤਮ ਕਰਨ ਲਈ ਕਿਸਾਨਾਂ ਨੂੰ ਇਕ ਪਾਵਰ ਕੱਟ ਦੀ ਸਮੱਸਿਆ 'ਚ ਉਲਝਾਇਆ ਜਾ ਰਿਹਾ ਹੈ। ਬਿਜਲੀ ਬੋਰਡ ਵਿਭਾਗ ਦਾ ਕੋਈ ਵੀ ਅਧਿਕਾਰੀ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੈ ਜਿਸ ਦੇ ਚੱਲਦਿਆਂ ਇਹ ਰੋਡ ਜਾਮ ਲਾਕੇ ਲਗਾਤਾਰ ਜਾਰੀ ਰਹੇਗਾ। ਜਦੋਂ ਤਕ ਕਿ ਉਨ੍ਹਾਂ ਨੂੰ 10 ਘੰਟੇ ਬਿਜਲੀ ਨਹੀਂ ਮਿਲਦੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ