ਚੰਡੀਗੜ੍ਹ: ਦਿੱਲੀ ਹਾਈ ਕੋਰਟ ਦੇ ਮਸ਼ਹੂਰ ਵਕੀਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕ ਐਚਐਸ ਫੂਲਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੀਆਂ ਚੋਣਾਂ ਨੂੰ ਲੈ ਕੇ ਬਾਦਲਾਂ ਤੇ ਹਮਲਾ ਬੋਲਿਆ ਹੈ।ਫੂਲਕਾ ਨੇ ਕਿਹਾ 2011 ਤੋਂ ਹੁਣ ਤੱਕ ਬਿਨ੍ਹਾਂ ਚੋਣਾਂ ਦੇ SGPC ਕੀਵੇਂ ਚੱਲ ਰਹੀ ਹੈ।


ਉਨ੍ਹਾਂ ਕਿਹਾ ਕਿ ਹੁਣ ਬਾਦਲਾਂ ਕੋਲ ਕੋਈ ਚਾਰਾ ਨਹੀਂ ਹੈ।2016 ਤੋਂ ਬਾਅਦ ਸੁਪਰੀਮ ਕੋਰਟ ਦੇ ਫੈਸਲੇ ਦਾ ਝੂਠ ਬੋਲਕੇ SGPC ਚੱਲਦੀ ਰਹੀ।ਜਦਕਿ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਕੋਈ ਫੈਸਲਾ ਹੀ ਨਹੀਂ ਸੁਣਾਇਆ ਸੀ।ਹੁਣ ਅਗਲਾ ਮਿਸ਼ਨ SGPC ਨੂੰ ਬਾਦਲਾਂ ਦੇ ਜਾਲ 'ਚ ਛੱਡਾਉਣਾ ਹੈ।ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜਸਟਿਸ ਐਸਐਸ ਸਾਰੋਂ ਅਗਲੇ ਛੇ ਮਹੀਨੇ ਤੱਕ ਚੋਣਾਂ ਕਰਵਾ ਦੇਣਗੇ।

ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਖਾਂ ਵਿਖਾਉਣ ਮਗਰੋਂ ਕੇਂਦਰ ਵਿੱਚ ਸੱਤਾ 'ਤੇ ਬਿਰਾਜਮਾਨ ਬੀਜੇਪੀ ਸਰਕਾਰ ਨੇ ਆਪਣੇ ਨਵੇਂ ਸਿਆਸੀ ਪੈਂਤੜੇ ਅਜਮਾਉਣੇ ਸ਼ੁਰੂ ਕਰ ਦਿੱਤੇ ਹਨ। ਮੋਦੀ ਸਰਕਾਰ ਨੇ ਜਲਦ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਚੋਣ ਕਰਾਉਣ ਦੀ ਤਿਆਰੀ ਖਿੱਚ ਲਈ ਹੈ। ਇਸ ਤਹਿਤ ਹੀ ਬੁੱਧਵਾਰ ਨੂੰ ਗੁਰਦੁਆਰਾ ਚੋਣਾਂ ਵਾਸਤੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਵਜੋਂ ਜਸਟਿਸ ਐਸਐਸ ਸਾਰੋਂ (ਸੇਵਾ ਮੁਕਤ) ਦੀ ਨਿਯੁਕਤੀ ਕੀਤੀ ਗਈ ਸੀ।

ਸਿੱਖ ਧਿਰਾਂ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਉਣ ਦੀ ਮੰਗ ਕਰ ਰਹੀਆਂ ਸੀ ਪਰ ਅਕਾਲੀ ਦਲ ਦੇ ਸਰਕਾਰ ਅੰਦਰ ਭਾਈਵਾਲ ਹੁੰਦਿਆਂ ਮੋਦੀ ਸਰਕਾਰ ਨੇ ਇਨ੍ਹਾਂ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਵਿਖਾਈ। ਇਸ ਲਈ ਮੌਜੂਦਾ ਕਮੇਟੀ ਦਾ 2016 ਵਿੱਚ ਕਾਰਜਕਾਲ ਖਤਮ ਹੋਣ ਮਗਰੋਂ ਵੀ ਚੋਣਾਂ ਨਹੀਂ ਕਰਵਾਈਆਂ ਗਈਆਂ। ਹੁਣ ਜਦੋਂ ਅਕਾਲੀ ਦਲ ਨੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਬੀਜੇਪੀ ਨਾਲੋਂ ਨਾਤਾ ਤੋੜ ਲਿਆ ਹੈ ਤਾਂ ਮੋਦੀ ਸਰਕਾਰ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦੀ ਵਿਊਂਤ ਬਣਾਈ ਹੈ।

ਦਰਅਸਲ ਸ਼੍ਰੋਮਣੀ ਅਕਾਲੀ ਦਲ ਨੂੰ ਅਸਲ ਤਾਕਤ ਸ਼੍ਰੋਮਣੀ ਕਮੇਟੀ ਰਾਹੀਂ ਹੀ ਮਿਲਦੀ ਹੈ ਕਿਉਂਕਿ ਜਿਹੜੀ ਧਿਰ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਹੋਵੇ, ਉਹ ਹੀ ਸਿੱਖਾਂ ਦੀ ਨੁਮਾਇੰਦਾ ਮੰਨੀ ਜਾਂਦੀ ਹੈ। ਇਸ ਲਈ ਬੀਜੇਪੀ ਵੀ ਇਸ ਵਾਰ ਚਾਹੇਗੀ ਕਿ ਕਿਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੀ ਕਮਾਨ ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਨਿਕਲ ਜਾਵੇ। ਬੇਸ਼ੱਕ ਬੀਜੇਪੀ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕਦੀ ਪਰ ਉਹ ਬਾਦਲ ਵਿਰੋਧੀ ਧਿਰਾਂ ਨੂੰ ਹਮਾਇਤ ਦੇ ਕੇ ਸਿਆਸੀ ਗੇਮ ਖੇਡ ਸਕਦੀ ਹੈ।