ਬਰਨਾਲਾ: ਜੇ ਬੰਦੇ ਅੰਦਰ ਕੁਝ ਕਰਨ ਦੀ ਚਾਹ ਹੋਏ ਤਾਂ ਉਹ ਉਸ ਨੂੰ ਬੁਲੰਦੀਆਂ 'ਤੇ ਲੈ ਜਾਂਦੀ ਹੈ। ਜ਼ਿਲ੍ਹਾ ਬਰਨਾਲਾ ਦੇ ਪਿੰਡ ਭਦੌੜ ਤੋਂ ਅਜਿਹੀ ਹੀ ਮਿਸਾਲ ਵੇਖਣ ਨੂੰ ਮਿਲੀ ਹੈ। ਇਸ ਪਿੰਡ ਦੇ ਛੋਟੇ ਜਿਹੇ ਪਰਿਵਾਰ ਨੇ ਗੱਡੀਆਂ ਦੀ ਬਾਡੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਉਨ੍ਹਾਂ ਦਾ ਕੰਮ ਬੁਲੰਦੀਆਂ 'ਤੇ ਹੈ। ਗੋਬਿੰਦ ਬਾਡੀ ਬਿਲਡਰਸ ਦੇ ਨਾਂ ਦੇ ਕਾਰਖ਼ਾਨੇ ਵਿੱਚ ਕੰਮ ਕਰਦੇ ਕਾਮੇ ਅੱਜ ਬੱਸਾਂ ਤਿਆਰ ਕਰ ਰਹੇ ਹਨ ਤੇ ਇਸ ਦਾ ਵੱਡੇ ਪੱਧਰ 'ਤੇ ਕੰਮ ਚੱਲ ਰਿਹਾ ਹੈ। ਦੇਸ਼ ਦੇ ਵੱਡੇ-ਵੱਡੇ ਸੂਬਿਆਂ ਵਿੱਚ ਸੜਕਾਂ 'ਤੇ ਦੌੜਦੀਆਂ ਡੀਲਕਸ, ਲਗਜ਼ਰੀ ਤੇ ਸਲੀਪਰ ਬੱਸਾਂ ਇਸ ਛੋਟੇ ਜਿਹੇ ਪਿੰਡ ਅੰਦਰ ਤਿਆਰ ਕੀਤੀਆਂ ਜਾਂਦੀਆਂ ਹਨ।
ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਰਾਜਸਥਾਨ, ਉੜੀਸਾ, ਆਸਾਮ, ਨਾਗਾਲੈਂਡ, ਮਣੀਪੁਰ, ਮਹਾਰਾਸ਼ਟਰ ਆਦਿ ਵੱਡੇ ਸੂਬਿਆਂ ਦੀਆਂ ਸਰਕਾਰੀ ਤੇ ਨਿੱਜੀ ਬੱਸਾਂ ਤਿਆਰ ਕਰਨ ਦਾ ਕੰਮ ਬਰਨਾਲਾ ਦੇ ਪਿਡੰ ਭਦੌੜ ਵਿੱਚ ਹੁੰਦਾ ਹੈ। ਇੱਥੇ ਸਿਰਫ ਵੱਖ-ਵੱਖ ਕੰਪਨੀਆਂ ਦੀ ਮਸ਼ੀਨਰੀ ਦਾ ਢਾਂਚਾ ਪੁੱਜਦਾ ਹੈ, ਉਸ ਨੂੰ ਡੀਲਕਸ ਤੇ ਲਗਜ਼ਰੀ ਬਣਾਉਣ ਦਾ ਕੰਮ ਇੱਥੋਂ ਦੇ ਕਾਰੀਗਰਾਂ ਦੇ ਹੱਥਾਂ ਦਾ ਕਮਾਲ ਹੈ। ਇਸ ਕੰਮ ਲਈ ਇਸ ਗੋਬਿੰਦ ਬਾਡੀ ਬਿਲਡਰਸ ਨੂੰ ਨੈਸ਼ਨਲ ਉਦਯੋਗ ਰਤਨ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।
ਪੰਜਾਬ ਵਿੱਚ ਗੋਬਿੰਦ ਬਾਡੀ ਬਿਲਡਰਸ ਦਾ ਨਾਂ ਪਹਿਲੇ ਨੰਬਰ 'ਤੇ ਆਉਂਦਾ ਹੈ। ਇਸ ਫੈਕਟਰੀ ਨੂੰ ਚਲਾ ਰਹੇ ਸੁਖਮੰਦਰ ਸਿੰਘ, ਉਨ੍ਹਾਂ ਦੀ ਪਤਨੀ ਤੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗਾਂ ਦੀ ਮਿਹਨਤ ਤੇ ਲਗਨ ਨਾਲ ਸ਼ੁਰੂ ਕੀਤਾ ਕੰਮ ਉਹ ਅੱਜ ਵੀ ਪੂਰੀ ਲਗਨ ਨਾਲ ਕਰਦੇ ਹਨ। ਉਨ੍ਹਾਂ ਕੋਲ 250 ਦੇ ਕਰੀਬ ਕਾਮੇ ਮੌਜੂਦ ਹਨ। ਕੁਝ ਦਿਨ ਪਹਿਲਾਂ ਹੀ ਗੋਬਿੰਦ ਬਾਡੀ ਬਿਲਡਰਸ ਨੇ ਪੀਆਰਟੀਸੀ ਦੀਆਂ 100 ਬੱਸਾਂ ਦਾ ਆਰਡਰ ਤਿਆਰ ਕਰਕੇ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਉਹ ਇੱਕ ਮਹੀਨੇ ਵਿੱਚ 30 ਤੋਂ 35 ਬੱਸਾਂ ਤਿਆਰ ਕਰ ਲੈਂਦੇ ਹਨ। ਇਸ ਕੰਮ ਲਈ ਉਨ੍ਹਾਂ ਨੂੰ ਕਈ ਸੂਬਿਆਂ ਤੋਂ ਸਨਮਾਨ ਤੇ ਐਵਾਰਡ ਮਿਲੇ ਹਨ। ਸਭ ਤੋਂ ਵੱਡਾ ਸਨਮਾਨ ਉਨ੍ਹਾਂ ਨੂੰ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਲੱਗੀ ਪ੍ਰਦਰਸ਼ਨੀ ਵਿੱਚ ਮਿਲਿਆ ਜਿੱਥੇ ਉਨ੍ਹਾਂ ਆਪਣੀਆਂ ਤਿਆਰ ਕੀਤੀਆਂ ਬੱਸਾਂ ਦੀ ਪ੍ਰਦਰਸ਼ਨੀ ਲਾਈ ਸੀ। ਉਨ੍ਹਾਂ ਦੀ ਬੱਸ ਨੂੰ 2005 ਵਿੱਚੋਂ ਪਹਿਲਾ ਨੰਬਰ ਮਿਲਿਆ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਦੇਸ਼ ਦੇ ਕਈ ਸੂਬਿਆਂ ਤੋਂ ਕੰਮ ਮਿਲਣਾ ਸ਼ੁਰੂ ਹੋਇਆ ਤੇ ਸਰਕਾਰੀ ਬੱਸਾਂ ਦਾ ਵੀ ਟੈਂਡਰ ਮਿਲਿਆ।
Car loan Information:
Calculate Car Loan EMI