ਬਰਨਾਲਾ: ਸਿਹਤ ਵਿਭਾਗ ਬਰਨਾਲਾ ਤੇ ਸੀਆਈ ਸਟਾਫ ਨੇ ਸਾਂਝੇ ਅਪਰੇਸ਼ਨ ਦੌਰਾਨ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ ਕੀਤਾ ਹੈ। ਇਸ ਦੌਰਾਨ ਕਰੀਬ 12 ਕੁਇੰਟਲ ਦੇਸੀ ਦੇਸੀ ਘਿਓ ਬਰਾਮਦ ਕੀਤਾ ਗਿਆ ਹੈ। ਜ਼ਿਲ੍ਹਾ ਸਿਹਤ ਅਫ਼ਸਰ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਬਰਨਾਲਾ ਦੇ ਬਠਿੰਡਾ ਰੋਡ 'ਤੇ ਸਥਾਨਕ ਪਿੰਡ ਘੁੰਨਸ ਵਿੱਚ ਵਿਅਕਤੀ ਨਕਲੀ ਦੇਸੀ ਘਿਓ ਬਣਾਉਣ ਦੀ ਫੈਕਟਰੀ ਚਲਾ ਰਿਹਾ ਹੈ।

ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਮੌਕ ਤੋਂ 72 ਟੀਨ ਦੇਸੀ ਘਿਓ, ਪੰਦਰਾਂ ਕਿੱਲੋ ਦਾ ਇੱਕ ਟੀਨ, 200-200 ਗ੍ਰਾਮ ਤੇ 500-500 ਗ੍ਰਾਮ ਦੇ ਪੈਕਿਟ ਵੀ ਮਿਲੇ ਹਨ। ਉਨ੍ਹਾਂ ਕਿਹਾ ਕਿ ਘਿਓ ਦੀ ਸੈਂਪਲਿੰਗ ਕਰਕੇ ਖਰੜ ਲੈਬਾਰਟਰੀ ਤੋਂ ਟੈਸਟ ਕਰਵਾ ਲਈ ਗਈ ਹੈ।

ਇਸ ਵਿੱਚ ਸੈਂਪਲ ਫੇਲ੍ਹ ਪਾਏ ਗਏ ਹਨ। ਇਸੇ ਦੇ ਆਧਾਰ 'ਤੇ ਉਨ੍ਹਾਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਫੈਕਟਰੀ ਨੂੰ ਸੀਲ ਕੀਤਾ ਗਿਆ ਹੈ।