ਖੰਨਾ: ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਉਮੀਦਵਾਰਾਂ ਦੇ ਰਸਮੀ ਐਲਾਨ ਮਗਰੋਂ ਅੱਜ ਪਹਿਲੀ ਰੈਲੀ ਵਿੱਚ ਹੀ ਯੂਥ ਆਗੂਆਂ ਵਿੱਚ ਫੁੱਟ ਦਿੱਸੀ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਮੌਜੂਦਗੀ ਵਿੱਚ ਇੱਕ ਧੜੇ ਨੇ ਭੁੰਜੇ ਬੈਠ ਕੇ ਆਪਣਾ ਰੋਸ ਵੀ ਪ੍ਰਗਟ ਕੀਤਾ।

ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਅਧੀਨ ਪੈਂਦੇ ਖੰਨਾ ਵਿੱਚ ਸੁਖਬੀਰ ਬਾਦਲ ਦੀ ਰੈਲੀ ਨੂੰ ਹਲਕੇ ਦੇ ਅਕਾਲੀ ਨੇਤਾ ਰਣਜੀਤ ਸਿੰਘ ਤਲਵੰਡੀ ਨੇ ਕਰਵਾਇਆ। ਇਸ ਦੌਰਾਨ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਵਿੱਚ ਪੁੱਜੇ ਅਕਾਲੀ ਨੇਤਾ ਜ਼ਮੀਨ ਉੱਤੇ ਬੈਠ ਗਏ, ਕਿਉਂਕਿ ਉਨ੍ਹਾਂ ਨੂੰ ਮੰਚ ਉਤੇ ਜਗ੍ਹਾ ਨਹੀਂ ਦਿੱਤੀ ਗਈ। ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ ਤੇ ਯਾਦੂ ਗਰੁੱਪ ਦੀ ਖਹਿਬਾਜ਼ੀ ਪਹਿਲਾਂ ਤੋਂ ਚੱਲੀ ਆ ਰਹੀ ਹੈ ਪਰ ਇਹ ਅੱਜ ਸੁਖਬੀਰ ਬਾਦਲ ਦੇ ਸਾਹਮਣੇ ਵੀ ਪ੍ਰਗਟ ਹੋ ਗਈ।



ਸੁਖਬੀਰ ਬਾਦਲ ਨੇ ਫ਼ਤਹਿਗੜ੍ਹ ਸਹਿਬ ਲੋਕ ਸਭਾ ਸੀਟ ਤੋਂ ਦਰਬਾਰਾ ਸਿੰਘ ਗੁਰੂ ਦਾ ਐਲਾਨ ਕਰਦਿਆਂ ਕਿਹਾ ਕਿ ਗੁਰੂ ਕਾਬਲ ਤੇ ਮਿਹਨਤੀ ਇਨਸਾਨ ਹਨ। ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਕੈਪਟਨ ਮੁੱਖ ਮੰਤਰੀ ਬਣੇ ਹਨ ਉਦੋਂ ਤੋਂ ਵਿਕਾਸ ਰੁਕ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੀ ਸਰਕਾਰ ਦੇ ਦੋ ਸਾਲ ਵਿੱਚ ਇੱਕ ਵੀ ਗਰਾਂਟ ਨਹੀਂ ਆਈ, ਐਸਸੀ ਸਕਾਲਰਸ਼ਿਪ ਨਹੀਂ ਆਈ ਤੇ ਸਕੂਲੀ ਬੱਚਿਆਂ ਨੂੰ ਸਰਦੀਆਂ ਦੀਆਂ ਵਰਦੀਆਂ ਤਕ ਨਹੀਂ ਦਿੱਤੀਆਂ ਗਈਆਂ।

ਬਾਦਲ ਨੇ ਖਰੜ ਡਰੱਗ ਇੰਸਪੈਕਟਰ ਨੂੰ ਸ਼ਰ੍ਹੇਆਮ ਗੋਲ਼ੀਆਂ ਮਾਰਨ 'ਤੇ ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦਾ ਅਮਨ ਕਾਨੂੰਨ ਬਿਲਕੁਲ ਖ਼ਤਮ ਹੋ ਚੁੱਕਿਆ ਹੈ। ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਹਮਲਾ ਬੋਲਦਿਆਂ ਸੁਖਬੀਰ ਨੇ ਕਿਹਾ ਕਿ ਕਿਹਾ ਕਿ ਉਹ ਤਾਂ ਮੈਂਟਲ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਖੰਨਾ ਪੁਲਿਸ ਸੱਤ ਕਰੋੜ ਰੁਪਏ ਖਾ ਗਈ, ਪਾਦਰੀ ਮਾਮਲੇ ਵਿੱਚ 16 ਕਰੋੜ ਫੜਿਆ ਤੇ 9 ਕਰੋੜ ਵਿਖਾਇਆ ਪਰ ਬਾਕੀ ਕਿੱਥੇ ਗਿਆ।