ਨਾਂ: ਹਰਸਿਮਰਤ ਕੌਰ ਬਾਦਲ

ਪਾਰਟੀ: ਸ਼੍ਰੋਮਣੀ ਅਕਾਲੀ ਦਲ

ਪਾਰਲੀਮਾਨੀ ਸਟੇਟਸ: 16ਵੀਂ ਲੋਕ ਸਭਾ ਦੇ ਮੈਂਬਰ ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ

ਸਿਆਸੀ ਪਿਛੋਕੜ: ਹਰਸਿਮਰਤ ਕੌਰ ਦਾ ਜਨਮ 25 ਜੁਲਾਈ, 1966 ਨੂੰ ਸੱਤਿਆਜੀਤ ਸਿੰਘ ਮਜੀਠੀਆ ਤੇ ਸੁਖਮੰਜਸ ਕੌਰ ਮਜੀਠੀਆ ਦੇ ਘਰ ਹੋਇਆ। ਹਰਸਿਮਰਤ ਮੈਟ੍ਰਿਕ ਪਾਸ ਹਨ ਤੇ ਉਨ੍ਹਾਂ ਟੈਕਸਟਾਈਲ ਡਿਜ਼ਾਈਨਿੰਗ ਵਿੱਚ ਡਿਪਲੋਮਾ ਵੀ ਕੀਤਾ ਹੋਇਆ ਹੈ। ਸਿਆਸੀ ਅਸਰ ਰਸੂਖ ਵਾਲੇ ਪਰਿਵਾਰ ਵਿੱਚ ਪੈਦਾ ਹੋਣ ਕਾਰਨ ਹਰਸਿਮਰਤ ਕੌਰ ਦਾ ਵਿਆਹ 21 ਨਵੰਬਰ, 1991 ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨਾਲ ਹੋਇਆ।

ਨਿੱਜੀ ਜਾਣਕਾਰੀ:

ਵਿਆਹ ਮਗਰੋਂ ਹਰਸਿਮਰਤ ਤੇ ਸੁਖਬੀਰ ਦੀ ਜੋੜੀ ਨੇ ਆਪਣੇ ਪਰਿਵਾਰ ਦੇ ਕਾਰੋਬਾਰ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ। ਹਰਸਿਮਰਤ ਦੇ ਪਰਿਵਾਰ ਦੇ ਹੋਟਲ, ਟ੍ਰਾਂਸਪੋਰਟ, ਮੀਡੀਆ ਤੇ ਖੇਤੀਬਾੜੀ ਆਦਿ ਮੁੱਖ ਕਾਰੋਬਾਰ ਹਨ, ਜਿਸ ਵਿੱਚ ਕੇਂਦਰੀ ਮੰਤਰੀ ਦਾ ਵੀ ਉਚੇਚਾ ਯੋਗਦਾਨ ਹੈ। ਹਰਸਿਮਰਤ ਬਾਦਲ ਦੇਸ਼ ਦੇ ਪਹਿਲੇ 10 ਸਭ ਤੋਂ ਅਮੀਰ ਸੰਸਦ ਮੈਂਬਰਾਂ ਵਿੱਚ ਸ਼ੁਮਾਰ ਹਨ, ਜਿਨ੍ਹਾਂ ਨੂੰ ਮੁੜ ਤੋਂ ਚੁਣਿਆ ਗਿਆ ਹੋਵੇ।

ਪਿੱਛੇ ਜਿਹੇ ਸਾਹਮਣੇ ਆਏ ਏਡੀਆਰ ਦੇ ਅੰਕੜਿਆਂ ਮੁਤਾਬਕ ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਹਰਸਿਮਰਤ ਬਾਦਲ ਨੇ ਆਪਣੀ ਜਾਇਦਾਦ 60 ਕਰੋੜ ਐਲਾਨੀ ਸੀ, ਜੋ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੱਧ ਕੇ ਤਕਰੀਬਨ 108 ਕਰੋੜ ਰੁਪਏ ਹੋ ਚੁੱਕੀ ਹੈ। ਪਰ 31 ਮਾਰਚ 2018 ਨੂੰ ਦਿੱਤੇ ਆਪਣੇ ਹਲਫ਼ਨਾਮੇ ਵਿੱਚ ਹਰਸਿਮਰਤ ਬਾਦਲ ਨੇ ਡੱਬਵਾਲੀ ਟ੍ਰਾਂਸਪੋਰਟ ਕੰਪਨੀ ਵਿੱਚ ਸਿਰਫ 100 ਰੁਪਏ ਦੇ ਸ਼ੇਅਰ ਹੋਣ ਦਾ ਦਾਅਵਾ ਕੀਤਾ ਹੈ। ਹਰਸਿਮਰਤ ਬਾਦਲ ਸਿਰ ਵੱਖ-ਵੱਖ ਵਿੱਤੀ ਸੰਸਥਾਵਾਂ ਦੀਆਂ ਤਕਰੀਬਨ 40 ਕਰੋੜ ਦੀਆਂ ਦੇਣਦਾਰੀਆਂ ਵੀ ਹਨ, ਜਿਨ੍ਹਾਂ ਵਿੱਚੋਂ ਕਈ ਪਰਿਵਾਰਕ ਕਾਰੋਬਾਰ ਕਾਰਨ ਹੀ ਉਨ੍ਹਾਂ ਸਿਰ ਚੜ੍ਹੀਆਂ ਹਨ।

ਹਲਕਾ:

ਬਠਿੰਡਾ, ਹਰਸਿਮਰਤ ਬਾਦਲ ਸਾਲ 2009 ਤੋਂ ਦੋ ਵਾਰ ਲਗਾਤਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ। ਬਠਿੰਡਾ ਲੋਕ ਸਭਾ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਭੁੱਚੋ ਮੰਡੀ, ਤਲਵੰਡੀ ਸਾਬੋ, ਮੌੜ, ਮਾਨਸਾ ਸਰਦੂਲਗੜ੍ਹ, ਬੁਢਲਾਡਾ ਤੇ ਲੰਬੀ ਆਉਂਦੇ ਹਨ। ਬਠਿੰਡਾ ਤੋਂ 5,14,727 ਵੋਟਾਂ ਨਾਲ 2014 ਦੀ ਲੋਕ ਸਭਾ ਚੋਣ ਜਿੱਤਣ ਮਗਰੋਂ ਹਰਸਿਮਰਤ ਬਾਦਲ ਮੋਦੀ ਕੈਬਨਿਟ ਵਿੱਚ ਫੂਡ ਪ੍ਰਾਸੈਸਿੰਗ ਮੰਤਰੀ ਬਣ ਗਏ।

ਉਨ੍ਹਾਂ ਦੀ ਖ਼ੁਸ਼ਕਿਸਮਤੀ ਕਹਿ ਸਕਦੇ ਹਾਂ ਕਿ ਪੰਜਾਬ ਦੇ ਮੌਜੂਦਾ ਵਿੱਤ ਮੰਤਰੀ ਤੇ ਰਿਸ਼ਤੇ ਵਿੱਚ ਉਨ੍ਹਾਂ ਦੇ ਦਿਓਰ ਮਨਪ੍ਰੀਤ ਬਾਦਲ ਨੂੰ 20 ਕੁ ਹਜ਼ਾਰ ਵੋਟਾਂ ਘੱਟ ਪੈ ਗਈਆਂ, ਨਹੀਂ ਉਹ ਲੋਕ ਸਭਾ ਮੈਂਬਰ ਚੁਣੇ ਜਾ ਸਕਦੇ ਸੀ। ਸ਼ਾਇਦ ਇਸੇ ਲਈ ਸ਼੍ਰੋਮਣੀ ਅਕਾਲੀ ਦਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦਾ ਹਲਕਾ ਬਦਲਣ ਦੀ ਸੋਚ ਰਿਹਾ ਹੈ।

ਸੰਸਦੀ ਕਾਰਗੁਜ਼ਾਰੀ:

ਲੋਕ ਸਭਾ ਵੈੱਬਸਾਈਟ ਮੁਤਾਬਕ 52 ਸਾਲਾ ਹਰਸਿਮਰਤ ਬਾਦਲ ਨੇ ਸਾਲ 2014 ਵਿੱਚ ਸੰਸਦ ਮੈਂਬਰ ਬਣਨ ਮਗਰੋਂ ਇੱਕ ਵੀ ਸਵਾਲ ਨਹੀਂ ਪੁੱਛਿਆ। ਖ਼ੈਰ ਇਸ ਵਾਰ ਤਾਂ ਉਹ ਨਰੇਂਦਰ ਮੋਦੀ ਸਰਕਾਰ ਦਾ ਹਿੱਸਾ ਹਨ, ਪਰ ਪਿਛਲੀ ਮਨਮੋਹਨ ਸਿੰਘ ਸਰਕਾਰ ਸਮੇਂ ਵੀ ਹਰਸਿਮਰਤ ਬਾਦਲ ਨੇ ਤਿੰਨ ਹੀ ਸਵਾਲ ਪੁੱਛੇ, ਜਿਨ੍ਹਾਂ ਵਿੱਚੋਂ ਦਸਤਾਰ 'ਤੇ ਪਾਬੰਦੀ ਦਾ ਮੁੱਦਾ ਜ਼ਿਕਰਯੋਗ ਹੈ। 16ਵੀਂ ਲੋਕ ਸਭਾ ਵਿੱਚ ਉਨ੍ਹਾਂ ਬਹਿਸ ਵਿੱਚ 46 ਵਾਰ ਹਿੱਸਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਦੀ ਸੰਸਦੀ ਕਾਰਗੁਜ਼ਾਰੀ ਬਹੁਤੀ ਜ਼ਿਕਰਯੋਗ ਨਹੀਂ ਰਹੀ। ਹਰਸਿਮਰਤ ਦਾ ਦਾਅਵਾ ਹੈ ਕਿ ਉਨ੍ਹਾਂ ਮੋਦੀ ਸਰਕਾਰ ਤੋਂ ਪੰਜਾਬ ਲਈ ਬਠਿੰਡਾ ਵਿੱਚ ਏਮਜ਼ ਵਰਗਾ ਮੈਡੀਕਲ ਸੰਸਥਾਨ ਲਿਆਂਦਾ ਤੇ ਦੋ ਮੈਗਾ ਫੂਡ ਪ੍ਰਾਸੈਸਿੰਗ ਪਾਰਕ ਬਣਾਏ ਜਾ ਰਹੇ ਹਨ।

MPLAD ਫੰਡ:

ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਹਲਕੇ ਦਾ ਵਿਕਾਸ ਕਰਨ ਲਈ ਮਿਲਦੇ ਸਾਲਾਨਾ ਪੰਜ ਕਰੋੜ (ਪੂਰੇ ਕਾਰਜਕਾਲ 'ਚ 25 ਕਰੋੜ) ਰੁਪਏ ਮਿਲਦੇ ਹਨ। ਉਨ੍ਹਾਂ ਸਰਕਾਰ ਤੋਂ 23.76 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਖਾਤੇ ਵਿੱਚ 21.13 ਕਰੋੜ ਰੁਪਏ ਆਏ। ਹਰਸਿਮਰਤ ਬਾਦਲ ਨੇ ਇਸ ਵਿੱਚੋਂ 18.56 ਕਰੋੜ ਰੁਪਏ ਆਪਣੇ ਹਲਕੇ ਦੇ ਵਿਕਾਸ 'ਤੇ ਖਰਚ ਕਰ ਚੁੱਕੀ ਹੈ, ਜਦਕਿ 2.57 ਕਰੋੜ ਰੁਪਏ ਬਕਾਇਆ ਹਨ। ਪੰਜਾਬ ਵਿੱਚ ਪਿਛਲੇ 10 ਸਾਲ ਅਕਾਲੀ ਭਾਜਪਾ ਸਰਕਾਰ ਦਾ ਸਾਸ਼ਨ ਰਿਹਾ, ਇਸ ਲਈ ਉਨ੍ਹਾਂ ਦੇ ਜੱਦੀ ਹਲਕੇ ਬਠਿੰਡਾ ਦਾ ਵਿਕਾਸ ਆਪ-ਮੁਹਾਰੇ ਹੁੰਦਾ ਰਿਹਾ। ਅਜਿਹੇ ਵਿੱਚ ਸੰਸਦ ਮੈਂਬਰ ਵੱਲੋਂ ਕੀਤੇ ਕੰਮਾਂ ਨੂੰ ਗਿਣਨਾ ਰਤਾ ਔਖਾ ਹੈ।

ਕਿਉਂ ਮਹੱਤਵਪੂਰਨ ਬਠਿੰਡਾ ਹਲਕਾ:

ਬਠਿੰਡਾ ਪੰਜਾਬ ਦਾ ਉਹ ਹਲਕਾ ਹੈ ਜੋ ਦੋ ਸੂਬੇ ਹਰਿਆਣਾ ਤੇ ਰਾਜਸਥਾਨ ਨਾਲ ਹੱਦਾਂ ਸਾਂਝੀਆਂ ਕਰਦਾ ਹੈ। ਨਾਲ ਹੀ ਬਠਿੰਡਾ ਪੰਜਾਬ ਦੇ ਸਭ ਤੋਂ ਵੱਡੇ ਖਿੱਤੇ ਮਾਲਵਾ ਦਾ ਦਿਲ ਕਿਹਾ ਜਾਂਦਾ ਹੈ, ਜਿਸ ਨੇ ਬਠਿੰਡਾ ਜਿੱਤ ਲਿਆ ਸਮਝੋ ਮਾਲਵੇ 'ਤੇ ਉਸ ਦਾ ਸਿੱਕਾ ਚੱਲੇਗਾ। ਸ਼੍ਰੋਮਣੀ ਅਕਾਲੀ ਦਲ ਦਾ ਇਹ 'ਜੱਦੀ' ਹਲਕਾ ਹੋਣ ਕਰਕੇ ਹਰਸਿਮਰਤ ਬਾਦਲ ਲਈ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ।