ਚੰਡੀਗੜ੍ਹ: ਭਾਰਤ ਤੇ ਪਾਕਿਸਤਾਨ ਦਰਮਿਆਨ ਕਰਤਾਰਪੁਰ ਕੌਰੀਡੋਰ ਲਈ ਵਾਹਗਾ 'ਚ ਭਲਕੇ ਹੋਣ ਵਾਲੀ ਬੈਠਕ ਰੱਦ ਹੋਣ 'ਤੇ ਕੈਪਟਨ ਸਰਕਾਰ ਦੇ ਮੰਤਰੀ ਲੋਹੇ ਲਾਖੇ ਹਨ। ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਸਰਕਾਰ 'ਤੇ ਲਾਂਘੇ ਖੁੱਲ੍ਹਣ ਦੇ ਰਾਹ ਵਿੱਚ ਅੜਿੱਚਣ ਪੈਦਾ ਕਰਨ ਦਾ ਦੋਸ਼ ਲਾਇਆ।
'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਗਲਿਆਰੇ ਬਾਰੇ ਭਾਜਪਾ ਸਰਕਾਰ ਦੀ ਨੀਅਤ ਹੀ ਸਾਫ ਨਹੀਂ। ਭਾਰਤ ਵੱਲੋਂ ਖ਼ਾਲਿਸਤਾਨ ਪੱਖੀ ਪਾਕਿ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਕਾਰਨ ਬੈਠਕ ਰੱਦ ਕੀਤੇ ਜਾਣ ਨੂੰ ਰੰਧਾਵਾ ਨੇ ਗ਼ਲਤ ਕਰਾਰ ਦਿੱਤਾ।
ਰੰਧਾਵਾ ਨੇ ਕਿਹਾ ਕਿ ਜੇਕਰ ਸਰਕਾਰ ਦੀ ਨੀਤ ਸਾਫ਼ ਹੁੰਦੀ ਤਾਂ ਦੋ ਅਪਰੈਲ ਨੂੰ ਰੱਖੀ ਗਈ ਬੈਠਕ ਦੌਰਾਨ ਚਾਵਲਾ ਦੇ ਕਮੇਟੀ ਵਿੱਚ ਮੌਜੂਦ ਹੋਣ 'ਤੇ ਵਾਕਆਊਟ ਕੀਤਾ ਜਾਂਦਾ। ਰੰਧਾਵਾ ਨੇ ਕਿਹਾ ਕਿ ਭਾਜਪਾ ਸਰਕਾਰ ਘੱਟ ਗਿਣਤੀਆਂ ਨੂੰ ਉੱਠਣ ਨਹੀਂ ਦੇਣਾ ਚਾਹੁੰਦੀ ਤੇ ਮੋਦੀ ਸਰਕਾਰ ਖ਼ਾਸ ਤੌਰ 'ਤੇ ਸਿੱਖਾਂ ਦੇ ਖ਼ਿਲਾਫ਼ ਚੱਲ ਰਹੀ ਹੈ।
ਇਸ ਦੇ ਨਾਲ ਹੀ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਵੀ ਨਿਸ਼ਾਨਾ ਲਾਇਆ ਤੇ ਕਿਹਾ ਕਿ ਅਕਾਲੀ ਦਲ ਦੇ ਲੀਡਰ ਜਾ ਕੇ ਭਾਜਪਾ ਨਾਲ ਗੱਲ ਕਿਉਂ ਨਹੀਂ ਕਰਦੇ। ਰੰਧਾਵਾ ਦਾ ਮੰਨਣਾ ਹੈ ਕਿ ਪਾਕਿਸਤਾਨ ਆਪਣੇ ਦੇਸ਼ ਵਿੱਚ ਕਿਸੇ ਨਾਲ ਵੀ ਬੈਠਕ ਕਰ ਸਕਦਾ ਹੈ, ਉਸ ਦਾ ਭਾਰਤ 'ਤੇ ਕੋਈ ਅਸਰ ਨਹੀਂ ਹੋਵੇਗਾ।