ਗੁਰਦਾਸਪੁਰ: ਬੀਤੇ ਦਿਨ ਬਟਾਲਾ ਦੀ ਪਟਾਕਾ ਫੈਕਟਰੀ ਵਿੱਚ ਹੋਏ ਧਮਾਕਾ 'ਚ 23 ਲੋਕਾਂ ਦੀ ਜਾਨ ਚਲੀ ਗਈ ਤੇ ਕਈ ਜ਼ਖ਼ਮੀ ਹੋਏ। ਜ਼ਖ਼ਮੀਆਂ ਦਾ ਹਾਲ ਜਾਣਨ ਲਈ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਪਹੁੰਚੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਕਿਹਾ ਕਿ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਸੋਮਵਾਰ ਤੋਂ ਸ਼ੁਰੂ ਕਰ ਦਿੱਤੀ ਜਾਏਗੀ ਤੇ ਇਸ ਲਈ 2 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ।


ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਜਲਦੀ ਤੋਂ ਜਲਦੀ ਮੌਤ ਦੇ ਸਰਟੀਫਿਕੇਟ ਬਣਾ ਕੇ ਉਨ੍ਹਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ ਪੈਨਸ਼ਨਾਂ ਲਾਈਆਂ ਜਾਣਗੀਆਂ ਤੇ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਮੁਆਵਜ਼ਾ ਵੀ ਜਲਦ ਤੋਂ ਜਲਦ ਮੁਹੱਈਆ ਕਰਵਾਇਆ ਜਾਏਗਾ।


ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਦੋ ਲਾਸ਼ਾਂ ਪਈਆਂ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਪਛਾਣ ਕੱਲ੍ਹ ਹੋ ਗਈ ਹੈ। ਹਾਲੇ ਵੀ ਇੱਕ ਲਾਸ਼ ਪਈ ਹੈ ਜਿਸ ਦੀ ਪਛਾਣ ਹੋਈ ਅਜੇ ਬਾਕੀ ਹੈ। ਇਸ ਆਖ਼ਰੀ ਲਾਸ਼ ਦੀ ਸ਼ਨਾਖ਼ਤ ਲਈ ਕੰਮ ਕੀਤਾ ਜਾ ਰਿਹਾ ਹੈ। ਹਾਦਸੇ ਵਿੱਚ ਇੱਕ ਫੈਕਟਰੀ ਮਾਲਕ ਜ਼ਖ਼ਮੀ ਹੋ ਗਿਆ ਸੀ ਜੋ ਹਸਪਤਾਲ ਤੋਂ ਫਰਾਰ ਹੋ ਗਿਆ। ਉਸ ਬਾਰੇ ਡੀਸੀ ਨੇ ਕੁਝ ਨਹੀਂ ਦੱਸਿਆ।