ਗੁਰਦਾਸਪੁਰ: ਜ਼ਿਲ੍ਹੇ ਦੇ ਕਸਬੇ ਬਟਾਲਾ ਦੇ ਨੇੜਲੇ ਪਿੰਡ ਦੌਲਤਪੁਰ ਵਿੱਚ ਐਤਵਾਰ ਸ਼ਾਮ ਨੂੰ ਕਾਂਗਰਸੀ ਸਰਪੰਚ ਨੂੰ ਬੋਲੇਰੋ ਕਾਰ ਹੇਠਾਂ ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਸ਼ਨਾਖ਼ਤ 30 ਸਾਲਾ ਨਵਦੀਪ ਸਿੰਘ ਵਜੋਂ ਹੋਈ ਹੈ। ਕਤਲ ਦੇ ਇਲਜ਼ਾਮ ਅਕਾਲੀ ਆਗੂ ਤੇ ਸਾਬਕਾ ਸਰਪੰਚ ਦੀ ਧਿਰ ਸਿਰ ਲੱਗਾ ਹੈ। ਦੋਵੇਂ ਧਿਰਾਂ ਰਾਜ਼ੀਨਾਵਾਂ ਕਰਨ ਪਹੁੰਚੀਆਂ ਸਨ, ਜਿੱਥੇ ਨਵਦੀਪ ਸਿੰਘ ਵੀ ਮੌਜੂਦ ਸੀ।


ਨਵਦੀਪ ਸਿੰਘ ਦੇ ਪਿਤਾ ਖਜ਼ਾਨ ਸਿੰਘ ਨੇ ਦੱਸਿਆ ਕਿ ਉਸ ਦਾ ਜਵਾਈ ਇੰਦਰਜੀਤ ਸਿੰਘ ਪਿੰਡ ਦੌਲਤਪੁਰ ਦਾ ਮੌਜੂਦਾ ਸਰਪੰਚ ਹੈ ਤੇ ਉਸ ਦਾ ਪਿੰਡ ਦੇ ਸਾਬਕਾ ਅਕਾਲੀ ਸਰਪੰਚ ਮਿੱਤਰਪਾਲ ਸਿੰਘ ਨਾਲ ਕੋਈ ਵਿਵਾਦ ਸੀ। ਇਸੇ ਵਿਵਾਦ ਨੂੰ ਖ਼ਤਮ ਕਰਨ ਲਈ ਅੱਜ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਸਨ ਜਿੱਥੇ ਨਵਦੀਪ ਸਿੰਘ ਵੀ ਮੌਜੂਦ ਸੀ। ਉਨ੍ਹਾਂ ਦੋਸ਼ ਲਾਇਆ ਕਿ ਤਕਰਾਰ ਵਧਣ ਮਗਰੋਂ ਦੂਜੀ ਧਿਰ ਦੇ ਵਿਅਕਤੀਆਂ ਨੇ ਪਹਿਲਾਂ ਨਵਦੀਪ ਦੀ ਕੁੱਟਮਾਰ ਕੀਤੀ ਤੇ ਬਾਅਦ ਵਿੱਚ ਉਸ ਨੂੰ ਸੜਕ ’ਤੇ ਰੱਖ ਕੇ ਉਸ ਉੱਪਰੋਂ ਕਈ ਵਾਰ ਆਪਣੀ ਗੱਡੀ ਚੜ੍ਹਾ ਕੇ ਕਤਲ ਕਰ ਦਿੱਤਾ।

ਦੋਵਾਂ ਧਿਰਾਂ ਦਰਮਿਆਨ ਇੱਟਾਂ-ਰੋੜੇ ਵੀ ਚੱਲੇ ਅਤੇ ਮ੍ਰਿਤਕ ਸਰਪੰਚ ਦੇ ਦੋ ਹੋਰ ਸਾਥੀ ਜੋਬਨਪ੍ਰੀਤ ਸਿੰਘ ਅਤੇ ਭੁਪਿੰਦਰ ਸਿੰਘ ਵੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ। ਡੀਐਸਪੀ ਸ੍ਰੀ ਹਰਗੋਬਿੰਦਪੁਰ ਅਤੇ ਥਾਣਾ ਕਾਦੀਆਂ ਦੇ ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਅਕਾਲੀ ਸਰਪੰਚ ਮਿੱਤਰਪਾਲ ਸਮੇਤ ਛੇ ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।