ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਜਿਹੜੇ ਜ਼ਿਲ੍ਹਿਆਂ 'ਚ ਪਹਿਲਾਂ ਇੱਕ ਵੀ ਕੇਸ ਨਾ ਹੋਣ ਕਾਰਨ ਉਹ ਗਰੀਨ ਜ਼ੋਨ 'ਚ ਸਨ ਤੇ ਹੁਣ ਲਗਾਤਾਰ ਵਧੇ ਕੇਸਾਂ ਕਾਰਨ ਰੈੱਡ ਜ਼ੋਨ 'ਚ ਸ਼ਾਮਲ ਹੋ ਚੁੱਕੇ ਹਨ। ਬਠਿੰਡਾਂ 'ਚ ਸ਼ਨੀਵਾਰ ਰਾਤ 33 ਹੋਰ ਪੌਜ਼ੇਟਿਵ ਕੇਸ ਆਉਣ ਮਗਰੋਂ ਜ਼ਿਲ੍ਹੇ 'ਚ ਕੁੱਲ 35 ਕੋਰੋਨਾ ਪੌਜ਼ੇਟਿਵ ਮਰੀਜ਼ ਹਨ।


ਬਠਿੰਡਾ ਵੀ ਪੰਜਾਬ ਦੇ ਲਾਲ ਜ਼ੋਨ ਵਾਲੇ ਜ਼ਿਲ੍ਹਿਆਂ 'ਚ ਸ਼ਾਮਲ ਹੋ ਗਿਆ ਹੈ। ਇਸ ਦੌਰਾਨ ਸ਼ਨੀਵਾਰ ਰਾਤ ਮੌੜ ਖੁਰਦ ਦੇ 28 ਸਾਲਾ ਕੋਰੋਨਾ ਵਾਇਰਸ ਸ਼ੱਕੀ ਮਰੀਜ਼ ਦੀ ਮੌਤ ਹੋ ਗਈ। ਰਾਜਸਥਾਨ ਦੇ ਜੈਸਲਮੇਰ ਤੋਂ ਵਾਪਸ ਆਏ ਇਸ ਮਰੀਜ਼ ਦਾ ਫਰੀਦਕੋਟ 'ਚ ਇਲਾਜ ਚੱਲ ਰਿਹਾ ਸੀ।


ਫਿਲਹਾਲ ਇਸ ਦੀ ਰਿਪੋਰਟ ਆਉਣੀ ਬਾਕੀ ਹੈ। ਅਜਿਹੇ 'ਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਰਿਪੋਰਟ ਕੋਰੋਨਾ ਪੌਜ਼ੇਟਿਵ ਆਉਂਦੀ ਹੈ ਤਾਂ ਉਹ ਮ੍ਰਿਤਕ ਦੇਹ ਘਰ ਨਹੀਂ ਲੈਕੇ ਜਾਣਗੇ।


ਬਠਿੰਡਾ 'ਚ ਸ਼ਨੀਵਾਰ ਰਾਤ 126 ਲੋਕਾਂ ਦੀ ਰਿਪੋਰਟ ਆਈ ਜਿੰਨ੍ਹਾਂ 'ਚੋਂ 33 ਕੋਰੋਨਾ ਪੌਜ਼ੇਟਿਵ ਆਏ ਹਨ। ਪਿਛਲੇ ਚਾਰ ਦਿਨਾਂ 'ਚ 335 ਸੈਂਪਲ ਟੈਸਟ ਲਈ ਭੇਜੇ ਗਏ ਹਨ। ਟੈਸਟ ਪ੍ਰਣਾਲੀ ਕਾਫ਼ੀ ਹੌਲੀ ਹੋਣ ਕਾਰਨ ਸਿਹਤ ਵਿਭਾਗ ਵੱਲੋਂ 99 ਲੋਕਾਂ ਦੇ ਸੈਂਪਲ ਪ੍ਰਾਈਵੇਟ ਲੈਬ 'ਚ ਭੇਜੇ ਗਏ ਹਨ।


ਨਾਂਦੇੜ ਤੋਂ ਵੱਖ-ਵੱਖ ਜ਼ਿਲ੍ਹਿਆਂ 'ਚ ਪਰਤੇ ਲੋਕਾਂ 'ਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੇ ਪੰਜਾਬ ਦੀ ਹਾਲਤ ਨਾਜ਼ੁਕ ਬਣਾ ਦਿੱਤੀ ਹੈ ਤੇ ਸੂਬੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ।