ਬਠਿੰਡਾ: ਇੱਕ ਫ਼ੌਜੀ ਦੇ ਭਰਾ ਨੇ ਆਪਣੀ ਭਾਬੀ ਨੂੰ ਕਰੰਟ ਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਪਿੱਛੇ ਨਿੱਜੀ ਰੰਜ਼ਿਸ਼ ਨੂੰ ਵਜ੍ਹਾ ਦੱਸਿਆ ਜਾ ਰਿਹਾ ਹੈ ਪਰ ਲੜਕੀ ਦੇ ਮਾਪੇ ਸਹੁਰਿਆਂ ‘ਤੇ ਦਾਜ ਮੰਗਣ ਦਾ ਇਲਜ਼ਾਮ ਲਾ ਰਹੇ ਹਨ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਫ਼ੌਜੀ ਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਲੜਕੀ ਰਜਨੀ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਲੜਕੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਦਾਜ ਤੇ ਪੈਸੇ ਦੀ ਮੰਗ ਕੀਤੀ ਜਾਂਦੀ ਸੀ। ਇੱਥੋਂ ਤੱਕ ਕਿ ਕਈ ਵਾਰ ਡਿਮਾਂਡ ਪੂਰੀ ਨਾ ਹੋਣ ‘ਤੇ ਕੁੱਟ-ਮਾਰ ਵੀ ਕੀਤੀ ਜਾਂਦੀ ਸੀ ਤੇ ਉਸ ਦਾ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਲੜਕੀ ਰਜਨੀ ਦਾ ਪਤੀ ਵੀ ਫੌਜ ‘ਚ ਹੈ ਜੋ ਬਠਿੰਡਾ ਕੈਂਟ ਵਿੱਚ ਤਾਇਨਾਤ ਹੈ। ਫਿਲਹਾਲ ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਇਨ੍ਹਾਂ ਦੋਵਾਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।