ਚੰਡੀਗੜ੍ਹ: ਸੀਬੀਆਈ ਬਰਗਾੜੀ ਬੇਅਦਬੀ ਮਾਮਲਿਆਂ ਨੂੰ ਮੁੜ ਖੋਲ੍ਹੇਗੀ। ਅੱਜ ਸੀਬੀਆਈ ਦੀ ਟੀਮ ਬੁਰਜ ਜਵਾਹਰ ਸਿੰਘ ਪਿੰਡ ਵਿੱਚ ਪਹੁੰਚੀ ਹੈ। ਇੱਕ ਵਾਰ ਕਲੋਜ਼ਰ ਰਿਪੋਰਟ ਦੇਣ ਤੋਂ ਬਾਅਦ ਸੀਬੀਆਈ ਪਹਿਲੀ ਵਾਰ ਬੁਰਜ ਜਵਾਹਰ ਸਿੰਘ ਪਿੰਡ ਵਿੱਚ ਤਫ਼ਤੀਸ਼ ਕਰਨ ਪਹੁੰਚੀ ਹੈ। ਇਸ ਦਾ ਮਤਲਬ ਹੈ ਕਿ ਸੀਬੀਆਈ ਨੇ ਮੁੜ ਜਾਂਚ ਸ਼ੁਰੂ ਕਰ ਦਿੱਤੀ ਹੈ। ਉਂਝ ਸੀਬੀਆਈ ਦੀ ਕਲੋਜ਼ਰ ਰਿਪੋਰਟ 'ਤੇ ਕਾਫੀ ਸਿਆਸੀ ਹੰਗਾਮਾ ਵੀ ਹੋਇਆ ਸੀ।


ਦਰਅਸਲ ਬਰਗਾੜੀ ਵਿੱਚ ਹੋਏ ਬੇਅਦਬੀ ਮਾਮਲਿਆਂ ਦੀ ਜਾਂਚ ਸੀਬੀਆਈ ਵੱਲੋਂ ਬੰਦ ਕਰ ਦਿੱਤੀ ਗਈ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੇ ਮੁਖੀ ਡੀਜੀਪੀ ਪ੍ਰਬੋਧ ਕੁਮਾਰ ਵੱਲੋਂ ਚਿੱਠੀ ਲਿਖਣ ਤੇ ਸੀਬੀਆਈ ਨੇ ਅੱਗੇ ਜਾਂਚ ਕਰਨ ਦੀ ਮਨਸ਼ਾ ਜਤਾਈ ਸੀ। ਸੀਬੀਆਈ ਹੁਣ ਬੁਰਜ ਜਵਾਹਰ ਸਿੰਘ ਪਿੰਡ ਵਿੱਚ ਸ਼ਿਕਾਇਤਕਰਤਾ ਦੇ ਘਰੇ ਪਹੁੰਚੀ ਹੈ।

ਸੀਬੀਆਈ ਵੱਲੋਂ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦੇਣ ਤੋਂ ਬਾਅਦ ਮਾਮਲਾ ਠੰਢਾ ਹੋ ਚੁੱਕਿਆ ਸੀ। ਇਸ ਤੋਂ ਬਾਅਦ ਸੀਬੀਆਈ ਵੱਲੋਂ ਅਦਾਲਤ ਨੂੰ ਲਿਖਿਆ ਗਿਆ ਕਿ ਪ੍ਰਬੋਧ ਕੁਮਾਰ ਨੇ ਜੋ ਸੀਬੀਆਈ ਨੂੰ ਚਿੱਠੀ ਲਿਖੀ ਹੈ, ਉਸ ਦੇ ਤੱਥਾਂ ਨੂੰ ਅੱਗੇ ਤਫ਼ਤੀਸ਼ ਕਰਨਾ ਚਾਹੁੰਦੀ ਹੈ। ਇਸ ਕਰਕੇ ਦਿੱਤੀ ਗਈ ਕਲੋਜ਼ਰ ਰਿਪੋਰਟ ਨੂੰ ਫਿਲਹਾਲ ਪੈਂਡਿੰਗ ਹੀ ਰੱਖਿਆ ਜਾਵੇ।