ਚੰਡੀਗੜ੍ਹ: ਸੁਖਬੀਰ ਬਾਦਲ ਦੇ ਪੈਰੀਂ ਪਏ ਡੀਐਸਪੀ ਨੂੰ ਚੋਣ ਕਮਿਸ਼ਨ ਦਾ ਝਟਕਾ ਲੱਗਾ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਸਰਕਾਰ ਨੇ ਬਠਿੰਡਾ ਦੇ ਡੀਐਸਪੀ (ਸਿਟੀ-2) ਕਰਨਸ਼ੇਰ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਇਸ ਪੁਲਿਸ ਅਫ਼ਸਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ‘ਪੈਰੀਂ ਹੱਥ’ ਲਾਉਣ ਦੇ ਦੋਸ਼ ਲੱਗੇ ਸਨ।

ਚੋਣ ਕਮਿਸ਼ਨ ਵੱਲੋਂ ਮੀਡੀਆ ਰਿਪੋਰਟ ਦੇ ਆਧਾਰ ’ਤੇ ਪੁਲਿਸ ਤੋਂ ਰਿਪੋਰਟ ਮੰਗੀ ਗਈ ਸੀ। ਡੀਐਸਪੀ ਨੇ ਭਾਵੇਂ ਦੋਸ਼ਾਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਸੀ ਕਿ ਜਨਤਕ ਸਮਾਗਮ ਦੌਰਾਨ ਜਦੋਂ ਸੁਖਬੀਰ ਬਾਦਲ ਦੇ ਪੈਰ ਲੜਖੜਾ ਗਏ ਤਾਂ ਉਹ ਸਾਥੀ ਪੁਲਿਸ ਅਫ਼ਸਰਾਂ ਨੂੰ ਸਹਿਯੋਗ ਦੇ ਰਿਹਾ ਸੀ ਜਿਸ ਦੇ ਗਲਤ ਅਰਥ ਕੱਢ ਲਏ ਗਏ।


ਪੁਲਿਸ ਨੇ ਕਮਿਸ਼ਨ ਨੂੰ ਭੇਜੀ ਰਿਪੋਰਟ ਵਿੱਚ ਉਕਤ ਡੀਐਸਪੀ ਨੂੰ ਆਰਮਡ ਬਟਾਲੀਅਨ ਭੇਜਣ ਸਬੰਧੀ ਸੂਚਿਤ ਕਰ ਦਿੱਤਾ ਹੈ। ਸਰਕਾਰ ਨੇ ਕਮਿਸ਼ਨ ਨੂੰ ਕਿਹਾ ਹੈ ਕਿ ਡੀਐਸਪੀ ਪੱਧਰ ਦੇ ਪੁਲਿਸ ਅਫ਼ਸਰਾਂ ਦਾ ਪੈਨਲ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ। ਇਸ ਲਈ ਪੈਨਲ ਵਿੱਚੋਂ ਹੀ ਕਿਸੇ ਡੀਐਸਪੀ ਦੀ ਬਠਿੰਡਾ ਦੇ ਡੀਐਸਪੀ ਵਜੋਂ ਤਾਇਨਾਤੀ ਕੀਤੀ ਜਾਵੇ।