ਚੰਡੀਗੜ੍ਹ: ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਚਰਚਿਤ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਠਾ ਪੈ ਸਕਦਾ ਹੈ। ਆਈਪੀਐਸ ਅਫਸਰ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਨਾਲ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਲੀਹੋਂ ਲਹਿਣ ਦਾ ਖਦਸ਼ਾ ਹੈ। ਇਸ ਲਈ ਆਮ ਲੋਕਾਂ ਵਿੱਚ ਇਹੀ ਸੰਕੇਤ ਜਾ ਰਿਹਾ ਹੈ ਕਿ ਅਕਾਲੀ ਦਲ ਨੇ ਜਾਂਚ ਰੋਕਣ ਲਈ ਇਹ ਪੈਂਤੜਾ ਖੇਡਿਆ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਖਿਲਾਫ ਇਹੀ ਰੋਸ ਸੀ ਕਿ ਬਾਦਲ ਸਰਕਾਰ ਵੇਲੇ ਜਾਣਬੁੱਝ ਤੇ ਇਨ੍ਹਾਂ ਮਾਮਲਿਆਂ ਦਾ ਸੱਚ ਸਾਹਮਣੇ ਨਹੀਂ ਲਿਆਂਦਾ ਗਿਆ।


ਯਾਦ ਰਹੇ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਵਿੱਚ ਕੁੰਵਰ ਵਿਜੈ ਪ੍ਰਤਾਪ ਹੀ ਸਭ ਤੋਂ ਵੱਧ ਸਰਗਰਮ ਸੀ। ਉਹ ਇਸ ਮਾਮਲੇ ਵਿੱਚ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰ ਰਹ ਸਨ। ਸਿੱਟ ਦੀ ਟੀਮ ਦੋ ਅਪਰੈਲ ਨੂੰ ਜੇਲ੍ਹ ਪਹੁੰਚੀ ਸੀ ਪਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਪੁੱਛਗਿੱਛ ਦੀ ਇਜਾਜ਼ਤ ਨਹੀਂ ਦਿੱਤੀ ਸੀ। ਹੁਣ ਕੁੰਵਰ ਵਿਜੈ ਪ੍ਰਤਾਪ ਪੁੱਛਗਿੱਛ ਦੀ ਇਜਾਜ਼ਤ ਲਈ ਮੁੜ ਕੋਸ਼ਿਸ਼ ਕਰ ਰਹੇ ਸੀ।

ਸੂਤਰਾਂ ਮੁਤਾਬਕ ਰਾਮ ਰਹੀਮ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਣਾ ਸੀ ਕਿ ਉਸ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਿਵਾਉਣ ਵਿੱਚ ਕਿਸ ਦੀ ਭੂਮਿਕਾ ਸੀ। ਇਹ ਸੱਚ ਸਾਹਮਣੇ ਆਉਣ ਨਾਲ ਅਕਾਲੀ ਦਲ ਦੀ ਮੁਸ਼ਕਲ ਵਧ ਸਕਦੀ ਸੀ ਕਿਉਂਕਿ ਹੁਣ ਤੱਕ ਹੋਏ ਖੁਲਾਸਿਆਂ ਵਿੱਚ ਇਹੀ ਸਾਹਮਣੇ ਆਇਆ ਹੈ ਕਿ ਅਕਾਲੀ ਲੀਡਰਾਂ ਨੇ ਹੀ ਡੇਰਾ ਮੁਖੀ ਨੂੰ ਮੁਆਫੀ ਦੁਆਈ ਸੀ। ਇਸ ਬਾਰੇ ਕੁਝ ਸਾਬਕਾ ਜਥੇਦਾਰ ਵੀ ਬੋਲ ਚੁੱਕੇ ਹਨ।

ਬੇਸ਼ੱਕ ਅਕਾਲੀ ਦਲ ਨੂੰ ਲੱਗ ਰਿਹਾ ਕਿ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਨਾਲ ਉਨ੍ਹਾਂ ਰਾਹਤ ਮਿਲੀ ਹੈ ਪਰ ਲੋਕਾਂ ਵਿੱਚ ਰੋਹ ਹੋਰ ਵਧ ਗਿਆ। ਵਿਰੋਧੀ ਵੀ ਇਸ ਨੂੰ ਅਜਿਹੇ ਢੰਗ ਨਾਲ ਪੇਸ਼ ਕਰ ਰਹੇ ਹਨ ਕਿ ਅਕਾਲੀ ਦਲ ਨੂੰ ਜਵਾਬ ਦੇਣਾ ਔਖਾ ਹੁੰਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਤੇ ਦੂਜੀਆਂ ਧਿਰਾਂ ਇਸ ਨੂੰ ਅਕਾਲੀ ਦਲ ਦੇ ਕਾਂਗਰਸ ਦੀ ਮਿਲੀਭੁਗਤ ਕਹਿ ਰਹੀਆਂ ਹਨ ਪਰ ਕਾਂਗਰਸ ਦਾਅਵਾ ਕਰ ਰਹੀ ਹੈ ਕਿ ਜਾਂਚ ਸਹੀ ਚੱਲ ਰਹੀ ਸੀ ਇਸ ਕਰਕੇ ਹੀ ਅਕਾਲੀ ਦਲ ਨੇ ਡਰ ਕੇ ਅੜਿੱਕਾ ਡਾਹਿਆ।

ਇਸ ਬਾਰੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਅਕਾਲੀ ਬੇਅਦਬੀ ਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਤੋਂ ਘਬਰਾਏ ਹੋਏ ਹਨ ਤੇ ਜਾਂਚ ਦੇ ਕੰਮ ਨੂੰ ਪੁੱਠਾ ਗੇੜਾ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਦੀ ਬਦਲੀ ਨਾਲ ਅਕਾਲੀਆਂ ਦਾ ਮੁਖੌਟਾ ਲਹਿ ਗਿਆ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਤਾ ਹੈ ਕਿ ਵਿਸ਼ੇਸ਼ ਜਾਂਚ ਟੀਮ ਪਿਛਲੀ ਅਕਾਲੀ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜ਼ਿਸ਼ ਨੂੰ ਬੇਨਕਾਬ ਕਰ ਦੇਵੇਗੀ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਫਾਇਰਿੰਗ ਦਾ ਸੱਚ ਸਾਹਮਣੇ ਆ ਜਾਵੇਗਾ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਕਾਂਗਰਸ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਫਸਾਉਣ ਦੀ ਚਾਲ ਚੱਲ ਰਹੀ ਹੈ।