ਬਠਿੰਡਾ: ਪਿੰਡ ਫ਼ਰੀਦਕੋਟ ਕੋਟਲੀ ਵਿੱਚ ਤਿੰਨ ਮਹੀਨੇ ਪਹਿਲਾਂ ਹੋਏ ਵਿਆਹ ਤੋਂ ਬਾਅਦ ਲੜਕੀ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਲੜਕੀ ਦੇ ਮਾਪਿਆਂ ਨੇ ਉਸ ਦੇ ਸਹੁਰੇ ਪਰਿਵਾਰ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲੜਕੀ ਨੂੰ ਦਾਜ 'ਚ ਚਾਰ ਤੋਲੇ ਸੋਨਾ ਤੇ ਇੱਕ ਪੁਰਾਣੀ ਆਲਟੋ ਕਾਰ ਦਿੱਤੀ ਸੀ ਪਰ ਲੜਕਾ ਨਵੀਂ ਕਾਰ ਮੰਗਦਾ ਸੀ ਜੋ ਉਹ ਨਹੀਂ ਦੇ ਸਕੇ। ਇਸੇ ਕਰਕੇ ਲੜਕਾ ਤੇ ਉਸ ਦੇ ਪਰਿਵਾਰ ਵਾਲੇ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ। ਮ੍ਰਿਤਕਾ ਦੇ ਮਾਪਿਆਂ ਨੇ ਦੱਸਿਆ ਕਿ ਲੜਕਾ ਉਨ੍ਹਾਂ ਦੀ ਲੜਕੀ ਦੀ ਕੁੱਟਮਾਰ ਕਰਕੇ ਉਸ ਨੂੰ ਪੇਕੇ ਭੇਜ ਦਿੰਦਾ ਸੀ। ਲੜਕੀ ਕਈ ਵਾਰ ਉਨ੍ਹਾਂ ਕੋਲ ਆਈ ਸੀ। ਉਨ੍ਹਾਂ ਸਮਝਿਆ ਕਿ ਕੁੜੀ ਦਾ ਘਰ ਵਸਾਉਣਾ ਹੈ, ਇਸ ਲਈ ਉਹ ਉਸ ਨੂੰ ਘਰ ਵਾਪਸ ਛੱਡ ਆਏ। ਆਖਰ ਉਨ੍ਹਾਂ ਲੜਕੀ ਨੂੰ ਮਾਰ ਕੇ ਪੱਖੇ ਨਾਲ ਟੰਗ ਦਿੱਤਾ। ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਕੋਲ ਲੜਕੇ ਤੇ ਉਸ ਦੇ ਪਰਿਵਾਰ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਬਾਰੇ ਪੁਲਿਸ ਜਾਂਚ ਅਧਿਕਾਰੀ ਰਾਜਨ ਸਿੰਘ ਨੇ ਦੱਸਿਆ ਕਿ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਦੋਵਾਂ ਪਰਿਵਾਰਾਂ ਦੇ ਬਿਆਨਾਂ ਮੁਤਾਬਕ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਹਾਲੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ।