ਗੋਲ਼ੀਕਾਂਡ ਮਾਮਲੇ ’ਚ SP ਬਿਕਰਮਜੀਤ ਦੀਆਂ ਮੁਸ਼ਕਲਾਂ ਵਧੀਆਂ, IG ਉਮਰਾਨੰਗਲ ਦਾ ਵਧ ਸਕਦਾ ਰਿਮਾਂਡ
ਏਬੀਪੀ ਸਾਂਝਾ | 23 Feb 2019 10:27 AM (IST)
ਚੰਡੀਗੜ੍ਹ: ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਨਾਮਜ਼ਦ SP ਬਿਕਰਮਜੀਤ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ SP ਬਿਕਰਮਜੀਤ ਦੇ ਨਜ਼ਦੀਕੀ ਫਰੀਦਕੋਟ ਵਾਸੀ ਇੱਕ ਗਵਾਹ, ਕਾਰ ਡੀਲਰ ਦੇ ਨਜ਼ਦੀਕੀ ਅਤੇ ਕਾਰ ਡੀਲਰ ਦੇ ਨਿੱਜੀ ਸੁਰੱਖਿਆ ਕਰਮੀ ਨੇ ਉਨ੍ਹਾਂ ਖਿਲਾਫ ਗਵਾਹੀ ਦਿੱਤੀ ਹੈ ਕਿ ਸਾਬਕਾ SSP ਚਰਨਜੀਤ ਸ਼ਰਮਾ ਦੀ ਐਸਕਾਰਟ ਜਿਪਸੀ ਉੱਪਰ SP ਬਿਕਰਮਜੀਤ ਸਿੰਘ ਨੇ ਹੀ ਫਰਜ਼ੀ ਫਾਇਰਿੰਗ ਕੀਤੀ ਸੀ। ਉੱਧਰ ਬੇਅਦਬੀ ਮਾਮਲੇ ਵਿੱਚ ਕੋਟਕਪੂਰਾ ’ਚ ਹੋਏ ਗੋਲੀਕਾਂਡ ਮਾਮਲੇ ਵਿੱਚ SIT ਵੱਲੋਂ ਗ੍ਰਿਫ਼ਤਾਰ IG ਪਰਮਰਾਜ ਸਿੰਘ ਉਮਰਾਨੰਗਲ ਦਾ 4 ਦਿਨਾਂ ਪੁਲਿਸ ਰਿਮਾਂਡ ਅੱਜ ਖਤਮ ਹੋ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਬਾਅਦ ਦੁਪਹਿਰ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ SIT ਉਨ੍ਹਾਂ ਲਈ ਕੁਝ ਹੋਰ ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕਰ ਸਕਦੀ ਹੈ। ਦੱਸ ਦੇਈਏ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਐਸਪੀ ਬਿਕਰਮਜੀਤ ਦੀ ਗ੍ਰਿਫਤਾਰੀ 'ਤੇ 21 ਮਈ ਤੱਕ ਰੋਕ ਲਾ ਦਿੱਤੀ ਸੀ। ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ 25 ਜਨਵਰੀ ਨੂੰ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਮਗਰੋਂ ਇਸ ਮਾਮਲੇ ’ਚ ਜਾਂਚ ਦਾ ਸਾਹਮਣਾ ਕਰ ਰਹੇ ਪੁਲਿਸ ਅਫਸਰਾਂ ਐਸਪੀ ਬਿਕਰਮਜੀਤ, ਇੰਸਪੈਕਟਰ ਅਮਰਜੀਤ ਕੁਲਾਰ ਤੇ ਇੰਸਪੈਕਟਰ ਪਰਦੀਪ ਸਿੰਘ ਨੇ ਗ੍ਰਿਫਤਾਰੀ 'ਤੇ ਰੋਕ ਲਾਉਣ ਲਈ ਅਦਾਲਤ ਦਾ ਦਰ ਖੜਕਾਇਆ ਸੀ।