ਚੰਡੀਗੜ੍ਹ: ਬਹਿਬਲ ਕਲਾਂ ਗੋਲੀਕਾਂਡ ਵਿੱਚ ਮੁਲਜ਼ਮ ਤੇ ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਨੇ ਅੱਜ ਫ਼ਰੀਦਕੋਟ ਦੀ ਜ਼ਿਲ੍ਹਾ ਤੇ ਸੈਸ਼ਨਜ਼ ਅਦਾਲਤ ਵਿੱਚ ਆਪਣੀ ਨਿਯਮਤ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਹੈ। ਪਹਿਲੀ ਮਾਰਚ ਨੂੰ ਇਸ ਮਾਮਲੇ ’ਤੇ ਸੁਣਵਾਈ ਕੀਤੀ ਜਾਏਗੀ। ਦੱਸ ਦੇਈਏ ਕਿ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸੈਣੀ ਅੱਜ ਬੇਅਦਬੀ ਤੇ ਗੋਲ਼ੀਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਏ ਹਨ। ਉਨ੍ਹਾਂ ਨੂੰ ਅੱਜ ਚੰਡੀਗੜ੍ਹ 'ਚ ਪੁੱਛਗਿਛ ਲਈ ਬੁਲਾਇਆ ਗਿਆ ਸੀ ਜਿੱਥੇ ਐਸਆਈਟੀ ਨੇ ਉਨ੍ਹਾਂ ਤੋਂ ਦੋ ਘੰਟੇ ਪੁੱਛਗਿੱਛ ਕੀਤੀ। ਮੰਨਿਆ ਜਾ ਰਿਹਾ ਕਿ ਸੈਣੀ ਤੋਂ ਮਗਰੋਂ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਬਾਦਲ ਤੋਂ ਦੁਬਾਰਾ ਪੁੱਛਗਿੱਛ ਹੋ ਸਕਦੀ ਹੈ। ਇਸ ਕਾਰਵਾਈ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਘਟਨਾਵਾਂ ਦੌਰਾਨ ਪੰਜਾਬ ਪੁਲਿਸ ਦੀ ਕਮਾਨ ਸੁਮੇਧ ਸਿੰਘ ਸੈਣੀ ਦੇ ਹੱਥ ਵਿੱਚ ਸੀ ਅਤੇ ਗੋਲ਼ੀਕਾਂਡ ਤੋਂ ਕੁਝ ਸਮੇਂ ਬਾਅਦ ਸੈਣੀ ਦੀ ਥਾਂ ਸੁਰੇਸ਼ ਅਰੋੜਾ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਇਆ ਗਿਆ ਸੀ।