ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪੰਚਾਇਤੀ ਚੋਣਾਂ ਪੂਰੇ ਜ਼ੋਰ ਸ਼ੋਰ ਨਾਲ ਲੜੇਗੀ। ਉਨ੍ਹਾਂ ਇਹ ਵੀ ਕਿਹਾ ਕਿ ਡੋਪ ਟੈਸਟ ਸਰਕਾਰ ਦਾ ਨਸ਼ਿਆਂ ਦੇ ਗੰਭੀਰ ਮੁੱਦੇ ਤੋਂ ਧਿਆਨ ਭਟਕਾਉਣ ਦਾ ਜ਼ਰੀਆ ਹੈ।
ਪੰਚਾਇਤੀ ਚੋਣਾਂ ਦੇ ਪੁੱਛੇ ਸਵਾਲ 'ਤੇ ਭਗਵੰਤ ਮਾਨ ਨੇ ਕਿਹਾ ਕਿ ਆਮ ਆਦੀ ਪਾਰਟੀ ਪੂਰੇ ਜੋਸ਼ ਨਾਲ ਪੰਚਾਇਤੀ ਚੋਣਾਂ ਲੜੇਗੀ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ 'ਆਪ' ਦਾ ਹੋਰ ਕਿਸੇ ਚੋਣ ਵਿੱਚ ਪ੍ਰਦਰਸ਼ਨ ਚੰਗਾ ਨਹੀਂ ਰਿਹਾ।
ਨਸ਼ਿਆਂ ਦੇ ਮੁੱਦੇ 'ਤੇ ਸੰਗਰੂਰ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਵੱਡੀਆਂ ਮੱਛੀਆਂ ਦਾ ਨਾਂ ਬੱਚੇ-ਬੱਚੇ ਨੂੰ ਪਤਾ ਹੈ ਸਰਕਾਰ ਉਨ੍ਹਾਂ ਨੂੰ ਹੱਥ ਨਹੀਂ ਪਾ ਰਹੀ। ਮਾਨ ਨੇ ਦੋਸ਼ ਲਾਇਆ ਕਿ ਪੁਲਿਸ ਅਧਿਕਾਰੀ ਵੀ ਰਲ਼ੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪੁਲਿਸ ਦੀ ਮਿਲੀਭੁਗਤ ਤੋਂ ਬਗੈਰ ਨਸ਼ਾ ਵਿਕਦਾ ਹੋਵੇ।
ਭਗਵੰਤ ਮਾਨ ਨੇ ਕਿਹਾ ਕਿ ਉਹ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਜਾ ਰਹੇ ਆਮ ਆਦਮੀ ਪਾਰਟੀ ਉਨ੍ਹਾਂ ਖੂਨ ਪਸੀਨੇ ਨਾਲ ਬਣਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਦੋ ਦਿਨ ਨਹੀਂ ਬੋਲਦੇ ਤਾਂ ਤੀਜੇ ਦਿਨ ਉਨ੍ਹਾਂ ਖਿਲਾਫ ਪ੍ਰਚਾਰ ਕਰ ਦਿੱਤਾ ਜਾਂਦਾ ਹੈ ਕਿ ਉਹ ਕਿਸੇ ਪਾਰਟੀ ਵਿੱਚ ਜਾ ਰਹੇ ਹਨ। ਪਾਰਟੀ ਵਿੱਚ ਕਿਸੇ ਫਿੱਕ ਜਾਂ ਤਰੇੜ 'ਤੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਪੂਰੀ ਤਰ੍ਹਾਂ ਚੌਕੀਦਾਰੀ ਕਰ ਰਹੇ ਹਨ।