ਚੰਡੀਗੜ੍ਹ: ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਇਨਸਾਫ਼ ਮੰਗ ਰਹੇ ਸਿੱਖਾਂ 'ਤੇ ਗੋਲੀ ਚਲਾਉਣ ਦੇ ਮਾਮਲਿਆਂ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਸਬੂਤ ਪੇਸ਼ ਕਰਨ ਦੀ ਕੀਤੀ ਵੰਗਾਰ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸੱਤਾ ਦੀ ਵਰਤੋਂ ਕਰਕੇ ਸਬੂਤ ਮਿਟਾਉਣ ਵਾਲਿਆਂ ਖ਼ਿਲਾਫ਼ ਸਬੂਤਾਂ ਦੀ ਕਮੀ ਨਹੀਂ ਹੈ। ਪੰਜਾਬ ਦਾ  ਬੱਚਾ - ਬੱਚਾ ਜਾਣਦਾ ਹੈ ਕਿ ਪੰਜਾਬ ਦੀ ਰਾਜਸੱਤਾ ਹਾਸਲ ਕਰਨ ਲਈ ਕਿਸ ਨੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਵਾਈ ਅਤੇ ਕਿਸ ਦੇ ਕਹਿਣ 'ਤੇ ਇਨਸਾਫ਼ ਮੰਗ ਰਹੇ ਸਿੱਖਾਂ 'ਤੇ ਪੁਲਿਸ ਨੇ ਗੋਲੀ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ।


ਭਗਵੰਤ ਮਾਨ ਨੇ ਕਿਹਾ, ਕੀ ਸੁਖਬੀਰ ਬਾਦਲ ਪੰਜਾਬ ਦੇ ਲੋਕਾਂ ਅਤੇ ਦੇਸ਼ ਵਿਦੇਸ਼ 'ਚ ਵਸਦੀ ਸਮੁੱਚੀ ਸੰਗਤ ਨੂੰ ਦੱਸਣਗੇ ਕਿ 2015 'ਚ ਜਦੋਂ ਗੁਰੂ ਦੀ ਬਾਣੀ ਰੂੜੀਆਂ 'ਤੇ ਰੋਲੀ ਗਈ ਉਦੋਂ ਪੰਜਾਬ 'ਚ ਕਿਸ ਦੀ ਸਰਕਾਰ ਸੀ? ਜਦੋਂ ਬਰਗਾੜੀ 'ਚ ਹੋਈ ਬੇਅਦਬੀ ਵਿਰੁੱਧ ਨਾਨਕ ਨਾਮ ਲੇਵਾ ਸੰਗਤ ਬਹਿਬਲ ਕਲਾਂ, ਕੋਟਕਪੂਰਾ 'ਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ੀਆਂ ਨੂੰ ਫੜਨ ਦੀ ਮੰਗ ਕਰ ਰਹੀ ਸੀ ਉਦੋਂ ਪੁਲਿਸ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਿਸ ਦੇ ਹੁੱਕਮਾਂ 'ਤੇ ਹੋਈ? 


ਉਨ੍ਹਾਂ ਕਿਹਾ ਕੀ ਸੁਖਬੀਰ ਬਾਦਲ ਦੱਸਣਗੇ ਕਿ ਉਦੋਂ ਉਹ ਉਪ ਮੁੱਖ ਮੰਤਰੀ ਦੇ ਨਾਲ-ਨਾਲ ਗ੍ਰਹਿ ਮੰਤਰੀ ਨਹੀਂ ਸਨ ਅਤੇ ਸੰਗਤਾਂ ਉਤੇ ਪੁਲਿਸ ਵੱਲੋਂ ਚਲਾਈ ਗੋਲੀ ਲਈ ਕੀ ਗ੍ਰਹਿ ਮੰਤਰੀ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ?  ਉਨ੍ਹਾਂ ਕਿਹਾ ਤਤਕਾਲੀ ਅਕਾਲੀ ਵਿਧਾਇਕ ਨੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨਾਲ ਗੱਲ ਕਰਕੇ ਐਸਡੀਐਮ ਵਿਜੇ ਸਿਆਲ ਨੂੰ ਇਹ ਨਾਦਰਸ਼ਾਹੀ ਫੁਰਮਾਨ ਨਹੀਂ ਸੁਣਾਇਆ ਸੀ ਕਿ ਅੱਜ ਰਾਤ ਧਰਨਾ ਨਹੀਂ ਚੁਕਵਾਇਆ ਤਾਂ ਸਥਿਤੀ ਬੇਕਾਬੂ ਹੋ ਜਾਵੇਗੀ।


ਭਗਵੰਤ ਮਾਨ ਨੇ ਕਿਹਾ ਸੁਖਬੀਰ ਬਾਦਲ ਦੱਸਣ ਕਿ ਸਿੱਖ ਸੰਗਤ 'ਤੇ ਜਨਰਲ ਅਡਵਾਇਰ ਵਾਂਗ ਚੜ੍ਹੀ ਉਸ ਪੁਲਿਸ ਫੋਰਸ ਦੀ ਕਮਾਨ ਕਿਸ ਦੇ ਹੱਥ ਵਿਚ ਸੀ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ ਕਿਵੇਂ ਗਾਇਬ ਹੋ ਗਈ ਅਤੇ ਤਤਕਾਲੀ ਡੀਜੀਪੀ ਸੁਮੇਧ ਸੈਣੀ ਅਤੇ ਡੀਆਈਜੀ ਪਰਮਰਾਜ ਸਿੰਘ ਉਮਰਾਨੰਗਲ ਸੁਖਬੀਰ ਬਾਦਲ ਦੀਆਂ ਅੱਖਾਂ ਦੇ ਤਾਰੇ ਕਿਉਂ ਅਤੇ ਕਿਵੇਂ ਬਣੇ।


ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਵੱਲੋਂ ਉਪ ਮੁੱਖ ਮੰਤਰੀ ਰਹਿੰਦਿਆਂ ਦੋ ਸਾਲ ਬਰਗਾੜੀ ਅਤੇ ਬਹਿਬਲ ਕਲਾਂ- ਕੋਟਕਪੂਰਾ ਘਟਨਾਵਾਂ ਦੇ ਸਬੂਤ ਮਟਾਉਣ ਲਈ ਹਰ ਹੀਲਾ ਵਰਤਿਆ ਗਿਆ, ਪਰ ਦੋਸ਼ੀਆਂ ਦੇ ਕੱਪੜਿਆਂ 'ਤੇ ਦਾਗ ਲੱਗੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਈ ਜਾਂਚ ਕਮੇਟੀਆਂ ਵੱਲੋਂ ਸੁਖਬੀਰ ਬਾਦਲ ਅਤੇ ਅਕਾਲੀ ਸਰਕਾਰ ਖ਼ਿਲਾਫ਼ ਬਹੁਤ ਸਾਰੇ ਸਬੂਤ ਪੇਸ਼ ਕੀਤੇ ਜਾ ਚੁੱਕੇ ਹਨ।


ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਬਾਦਲ ਪਰਿਵਾਰ ਨਾਲ ਮਿਲੇ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ  2017 ਵਿੱਚ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਤੋਂ ਬਾਅਦ ਕੈਪਟਨ ਵੱਲੋਂ ਬਾਦਲਾਂ ਨੂੰ ਬਚਾਉਣ ਤੇ ਇਨਸਾਫ਼ ਨੂੰ ਲਟਕਾਉਣਾ ਸਭ ਦੇ ਸਾਹਮਣੇ ਹੈ। ਜੋ ਦੁਬਈ ਸਮਝੌਤੇ ਤਹਿਤ ਵਾਪਰ ਰਿਹਾ ਹੈ। ਉਨ੍ਹਾਂ ਕਿਹਾ ਜਦੋਂ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਨੂੰ ਸਵਾਲ ਪੁੱਛੇ ਜਾਂਦੇ ਹਨ ਤਾਂ ਇਹ ਪਰਿਵਾਰ ਚੁੱਪ ਧਾਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਵਾਲ ਹੀ ਸਬੂਤ ਹਨ, ਫਿਰ ਵੀ ਬੜੀ ਜਲਦੀ ਹੋਰ ਸਬੂਤ ਵੀ ਰੱਖੇ ਜਾਣਗੇ। ਜਿਨਾਂ ਦਾ ਜਵਾਬ ਨਾ ਬਾਦਲ ਪਰਿਵਾਰ, ਨਾ ਹੀ ਕੈਪਟਨ ਸਰਕਾਰ ਅਤੇ ਨਾ ਹੀ ਕਾਂਗਰਸੀਆਂ ਕੋਲ ਹੋਵੇਗਾ।