ਚੰਡੀਗੜ੍ਹ: ਪੰਜਾਬ ਦੇ ਪੇਂਡੂ ਖੇਤਰਾਂ 'ਚ ਵਧਦੀ ਮੌਤ ਦਰ ਨੂੰ ਲੈਕੇ ਇਕ ਵੱਡਾ ਖੁਲਾਸਾ ਹੋਇਆ ਹੈ। ਸਿਹਤ ਵਿਭਾਗ ਦੇ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਹਲਕੇ ਲੱਛਣਾਂ 'ਚ ਵਰਤੀ ਗਈ ਲਾਪਰਵਾਹੀ ਕਾਰਨ 58 ਫੀਸਦ ਇਨਫੈਕਟਡ ਲੋਕ ਗੰਭੀਰ ਹਾਲਤ 'ਚ ਪਹੁੰਚ ਗਏ। ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਮੈਡੀਕਲ ਮਾਹਿਰ ਨੇ ਕਿਹਾ ਕਿ ਇਨਫੈਕਸ਼ਨ 'ਚ ਇਹ ਲਾਪਰਵਾਹੀ ਚਿੰਤਾਜਨਕ ਹੈ। ਉਨ੍ਹਾਂ ਸਰਕਾਰ ਨੂੰ ਪਿੰਡਾਂ 'ਤੇ ਫੋਕਸ ਕਰਨ ਦੀ ਸਲਾਹ ਦਿੱਤੀ ਹੈ ਕਿ ਅਜੇ ਵੀ ਦੇਰ ਨਹੀਂ ਹੋਈ।


ਪੇਂਡੂ ਖੇਤਰਾਂ 'ਚ ਵਧਦੀ ਇਨਫੈਕਸ਼ਨ ਦੇ ਦਾਇਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਹੁਣ ਤਕ ਕਈ ਸਰਵੇਖਣ ਕਰ ਚੁੱਕੀ ਹੈ। ਸਾਰਿਆਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਨਫੈਕਸ਼ਨ ਦੌਰਾਨ ਪਿੰਡਾਂ ਦੇ ਲੋਕ ਇਲਾਜ ਵਿਚ ਲਾਪਰਵਾਹੀ ਵਰਤ ਰਹੇ ਹਨ। ਹਾਲ ਹੀ 'ਚ ਇਕ ਸਰਵੇਖਣ ਹੋਇਆ ਹੈ ਜਿਸ 'ਚ ਇਹ ਖੁਲਾਸਾ ਹੋਇਆ ਕਿ 58 ਫੀਸਦ ਪਿੰਡਾਂ ਦੇ ਲੋਕ ਅਜਿਹੇ ਸਨ ਜਿੰਨ੍ਹਾਂ ਨੂੰ ਇਨਫੈਕਸ਼ਨ ਦੇ ਹਲਕੇ ਲੱਛਣ ਦਿਖਾਈ ਦਿੱਤੇ। ਪਰ ਸਹੀ ਇਲਾਜ ਨਾ ਲੈਣ ਤੇ ਸਮੇਂ ਨਾਲ ਟੈਸਟਿੰਗ ਨਾ ਕਰਨ 'ਤੇ ਪਿੰਡਾਂ ਦੇ ਲੋਕਾਂ 'ਚ ਇਨਫੈਕਸ਼ਨ ਵਿਗੜ ਗਈ ਤੇ ਉਨ੍ਹਾਂ ਲੋਕਾਂ ਦੀ ਮੌਤ ਹੋ ਗਈ।


ਸਰਵੇਖਣ 'ਚ ਇਹ ਵੀ ਖੁਲਾਸਾ ਹੋਇਆ ਕਿ ਪੰਜਾਬ ਭਰ ਦੇ ਪਿੰਡਾਂ 'ਚ ਸਭ ਤੋਂ ਜ਼ਿਆਦਾ ਮਾਲਵਾ ਖਿੱਤੇ 'ਚ ਕੇਸ ਸਾਹਮਣੇ ਆਏ ਹਨ। ਅਜਿਹੇ 'ਚ ਸਰਕਾਰ ਹੁਣ ਪਿੰਡਾਂ 'ਚ ਵੱਧ ਟੈਸਟਿੰਗ ਕਰਾਉਣ ਦਾ ਫੈਸਲਾ ਕਰ ਚੁੱਕੀ ਹੈ। ਇਸਦੇ ਨਾਲ ਹੀ ਹੋਰ ਬਿੰਦੂਆਂ 'ਤੇ ਵੀ ਯੋਜਨਾ ਬਣਾਉਣ ਦੀ ਤਿਆਰੀ ਕਰ ਰਹੀ ਹੈ।


ਮਾਹਿਰਾਂ ਦਾ ਕਹਿਣਾ ਹੈ ਕਿ ਪਿੰਡਾਂ 'ਚ ਹਾਲਾਤ ਠੀਕ ਨਹੀਂ ਹੋਏ। ਇੱਥੇ ਮੌਤ ਦਰ 'ਚ ਕੋਈ ਗਿਰਾਵਟ ਨਹੀਂ ਆਈ। ਸ਼ਹਿਰਾਂ ਦੇ ਮੁਕਾਬਲੇ ਅਜੇ ਤਕ 2.8 ਫੀਸਦ ਮੌਤ ਦਰ ਦਾ ਅੰਕੜਾ ਸਥਿਰ ਹੈ। ਸ਼ਹਿਰਾਂ 'ਚ ਇਹੀ ਦਰ 0.8 ਫੀਸਦ 'ਤੇ ਸਥਿਰ ਹੈ। ਇਹ ਅੰਕੜੇ ਬੇਹੱਦ ਚਿੰਤਾਜਨਕ ਹਨ। ਇਹ ਹਾਲਾਤ ਸਿਰਫ ਪਿੰਡਾਂ 'ਚ ਇਨਫੈਕਸ਼ਨ ਨੂੰ ਲੈਕੇ ਵਰਤੀ ਜਾ ਰਹੀ ਲਾਪਰਵਾਹੀ ਕਾਰਨ ਹੋਏ ਹਨ। ਪਿੰਡਾਂ 'ਚ ਹੁਣ ਲੋਕਾਂ ਨੂੰ ਖੁਦ ਹੀ ਇਸ ਬਾਬਤ ਜਾਗਰੂਕ ਹੋਣਾ ਹੋਵੇਗਾ ਨਹੀਂ ਤਾਂ ਹਾਲਾਤ ਹੋਰ ਖਰਾਬ ਹੋ ਜਾਣਗੇ।


ਓਧਰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਇਨਫੈਕਸ਼ਨ ਦਰ 
ਘੱਟ ਹੋਣ ਦੇ ਬਾਵਜੂਦ ਪਿੰਡਾਂ 'ਚ ਇਨਫੈਕਸ਼ਨ ਨਾਲ 58 ਫੀਸਦ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨਫੈਕਸ਼ਨ ਦੇ ਹਲਕੇ ਲੱਛਣਾਂ ਤੇ ਪਿੰਡਾਂ ਦੇ ਲੋਕਾਂ ਨੂੰ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਉਨ੍ਹਾਂ ਨੂੰ ਤੁਰੰਤ ਸਿਹਤ ਸੰਸਥਾਵਾਂ ਦਾ ਰੁਖ਼ ਕਰਨਾ ਚਾਹੀਦਾ ਹੈ।