ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਪਹੁੰਚੀ ਹੈ। ਭਾਜਪਾ ਦੇ ਕੌਮੀ ਸਕੱਤਰ ਆਰ.ਪੀ. ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਭਗਵੰਤ ਮਾਨ ਨੇ ਸਟੇਜ ਤੋਂ ਸਿੱਖ ਕੌਮ ਦੇ ਨਾਅਰੇ 'ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ' ਨੂੰ 'ਰਾਜ ਕਰੇਗਾ ਖਾਲਸਾ, ਮਰਾਸੀ ਰਹੇ ਨ ਕੋਇ' ਬੋਲ ਕੇ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂੰਧਰਿਆ ਗਿਆ ਹੈ। ਉਨ੍ਹਾਂ ਲਿਖਿਆ ਕਿ ਭਗਵੰਤ ਮਾਨ ਨੇ ਇਹ ਵੱਡੀ ਗਲਤੀ ਕੀਤੀ ਹੈ। ਇਸ ਕਰਕੇ ਉਸ ਖਿਲਾਫ ਗੁਰਮਤਿ ਅਨੁਸਾਰ ਕਾਰਵਾਈ ਕੀਤੀ ਜਾਵੇ ਤਾਂ ਕਿ ਮੁੜ ਕੋਈ ਸਿਆਸਤਦਾਨ ਅਜਿਹੀ ਮੰਦਭਾਗੀ ਗੱਲ ਨਾ ਕਰ ਸਕੇ। ਸਬੂਤ ਵਜੋਂ ਆਰ.ਪੀ. ਸਿੰਘ ਨੇ ਵੀਡੀਓ ਕਲਿੱਪ ਨਾਲ ਨੱਥੀ ਕੀਤੀ ਹੈ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਖਾਲਸਾ ਪੰਥ ਵੱਲੋਂ ਰੋਜ਼ਾਨਾ ਅਰਦਾਸ ਤੇ ਹੋਰ ਮੌਕਿਆਂ ਸਮੇਂ ਵਰਤੇ ਜਾਂਦੇ ਨਾਅਰੇ ਨੂੰ ਐਮ.ਪੀ. ਭਗਵੰਤ ਮਾਨ ਨੇ ਤੋੜ-ਮਰੋੜ ਕੇ ਬੋਲਣਾ ਗਲਤ ਹੈ। ਮਿਲੀ ਸ਼ਿਕਾਇਤ ਦੇ ਆਧਾਰ 'ਤੇ ਇਸ ਮੁੱਦੇ ਨੂੰ ਪੰਜ ਸਿੰਘ ਸਾਹਿਬਾਨ ਦਰਮਿਆਨ ਵਿਚਾਰ ਕੇ ਕੋਈ ਫੈਸਲਾ ਲਿਆ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਹੱਕ ਵਿੱਚ ਬੋਲਦਿਆਂ ਸਟੇਜ 'ਤੇ ਦਸਮ ਗ੍ਰੰਥ ਦੇ ਸ਼ਬਦ 'ਦੇਹ ਸ਼ਿਵਾ ਵਰ ਮੋਹਿ ਇਹੈ' ਨੂੰ ਵਿਗਾੜ ਕੇ ਬੋਲਿਆ ਸੀ। ਇਸ ਤੋਂ ਬਾਅਦ ਅਕਾਲ ਤਖਤ ਸਾਹਿਬ ਵੱਲੋਂ ਮਜੀਠੀਆ ਨੂੰ ਲੰਗਰ ਵਿੱਚ ਭਾਂਡੇ ਮਾਂਜਣ ਆਦਿ ਦੀ ਸੇਵਾ ਲਾਈ ਗਈ ਸੀ।